ਰੂਪਨਗਰ, 17 ਮਈ (ਖ਼ਬਰ ਖਾਸ ਬਿਊਰੋ)
ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਕੁਮਾਰ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਹਲਕੇ ਅੰਦਰ ਪੈਂਦੀਆਂ ਵੱਖ-ਵੱਖ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਹੋਵੇਗਾ। ਇਸ ਲਈ 68 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਮੰਡੀ ਬੋਰਡ ਵੱਲੋਂ ਜਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਨਾ ਕੇਵਲ ਮੁਰੰਮਤ ਦਾ ਕਾਰਜ ਹੋਵੇਗਾ ਸਗੋਂ ਪੰਜ ਸਾਲਾਂ ਦੀ ਸਾਂਭ ਸੰਭਾਲ ਵੀ ਹੋਵੇਗੀ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਲੋਕਾਂ ਨੂੰ ਬਿਹਤਰ ਸੰਪਰਕ ਸਹੂਲਤਾਂ ਮਿਲ ਸਕਣ।
ਉਨ੍ਹਾਂ ਦੱਸਿਆ ਕਿ 68 ਕਰੋੜ ਦੀ ਇਸ ਰਾਸ਼ੀ ਨਾਲ ਰੂਪਨਗਰ ਹਲਕੇ ਦੀਆਂ ਸੜਕਾਂ ਦੀ ਵਿਆਪਕ ਪੱਧਰ ਤੇ ਕਾਇਆਕਲਪ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਸਬੰਧੀ ਪ੍ਰਸ਼ਾਸ਼ਕੀ ਪ੍ਰਵਾਨਗੀ ਜਾਰੀ ਹੋ ਗਈ ਹੈ ਅਤੇ ਬਹੁਤ ਜਲਦ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿੱਚ ਵਿਧਾਨ ਸਭਾ ਹਲਕਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਅਧੀਨ ਪੈਣ ਵਾਲੀਆਂ ਸੜਕਾਂ ਅਤੇ ਬਲਾਕ ਰੋਪੜ ਦੇ ਅਧੀਨ ਪੈਣ ਵਾਲੀਆਂ ਸੜਕਾਂ ਦੀ ਰਿਪੇਅਰ ਹੋਵੇਗੀ। ਉਨ੍ਹਾਂ ਇਨ੍ਹਾਂ ਲਿੰਕ ਸੜਕਾਂ ਦੇ ਨਿਰਮਾਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤੀਆਂ ਸੜਕਾਂ ਦੀ ਪਿਛਲੇ ਛੇ ਸਾਲਾਂ ਤੋਂ ਵੱਧ ਸਮੇਂ ਤੋਂ ਰਿਪੇਅਰ ਹੀ ਨਹੀਂ ਹੋਈ ਹੈ।
ਵਿਧਾਇਕ ਚੱਢਾ ਨੇ ਇਹ ਪ੍ਰਵਾਨਗੀ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪੇਂਡੂ ਖੇਤਰਾਂ ਵਿੱਚ ਸੰਪਰਕ ਸਹੂਲਤਾਂ ਦਾ ਵਾਧਾ ਹੋਵੇਗਾ ਤੇ ਲੋਕਾਂ ਨੂੰ ਆਉਣ ਜਾਣ ਦੇ ਨਾਲ ਨਾਲ ਕਿਸਾਨਾਂ ਨੂੰ ਆਪਣੇ ਅਨਾਜ ਦੀ ਢੋਆ ਢੁਆਈ ਵਿੱਚ ਸੌਖ ਹੋਵੇਗੀ।
ਇਸ ਮੌਕੇ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹਲਕੇ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਹੀ ਕਾਇਆਕਲਪ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ-ਅੰਦਰ ਜੋ ਹੋਰ ਸੜਕਾਂ ਬਾਕੀ ਰਹਿ ਗਈਆਂ ਹਨ, ਉਨ੍ਹਾਂ ਲਈ ਵੀ ਫੰਡ ਮਨਜ਼ੂਰ ਕਰਵਾ ਲਿਆ ਜਾਵੇਗਾ।