ਆਲ ਪਾਰਟੀ ਮੀਟਿੰਗ ਤੋਂ ਬਾਅਦ ਬੋਲੇ CM ਮਾਨ, ”ਪਾਣੀਆਂ ਦੇ ਮੁੱਦੇ ’ਤੇ ਸਾਰੀਆਂ ਪਾਰਟੀਆਂ ਇਕਜੁੱਟ ਹਨ”

ਚੰਡੀਗੜ੍ਹ, 2 ਮਈ (ਖਬਰ ਖਾਸ ਬਿਊਰੋ)

ਪਿਛਲੇ 3 ਦਿਨਾਂ ਤੋਂ, ਭਾਖੜਾ ਨਹਿਰ ਦੇ ਪਾਣੀ ਦੀ ਵੰਡ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਸਰਕਾਰ ਵਿਚਕਾਰ  ਤਕਰਾਰ ਚੱਲ ਰਹੀ ਹੈ। ਇਸ ਸਬੰਧ ਵਿੱਚ ‘ਆਪ’ ਸਰਕਾਰ ਵੱਲੋਂ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਸਮਾਪਤ ਹੋ ਗਈ ਹੈ।

ਇਸ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਮੁੱਦੇ ’ਤੇ ਸਾਰੀਆਂ ਪਾਰਟੀਆਂ ਇਕਜੁੱਟ ਹਨ ਤੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅਸੀਂ ਪੰਜਾਬ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਪਾਣੀ ਪੰਜਾਬ ਦੀ ਜੀਵਨ ਰੇਖਾ ਹੈ ਤੇ ਅਸੀਂ ਮਾਨਵਤਾ ਦੇ ਆਧਾਰ ’ਤੇ ਹਰਿਆਣਾ ਨੂੰ ਪਾਣੀ ਦੇ ਰਹੇ ਹਾਂ ਤੇ ਸਾਰੀਆਂ ਪਾਰਟੀਆਂ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਾਣੀ ਰੋਕ ਨਹੀਂ ਸਕਦੇ ਤਾਂ ਕੇਂਦਰ ਧੱਕੇ ਨਾਲ ਸਾਡੇ ਕੋਲੋਂ ਪਾਣੀ ਖੋਹ ਵੀ ਨਹੀਂ ਸਕਦਾ। ਇਸ ਮੌਕੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਮੁੱਦਾ ਪਾਰਟੀਆਂ ਦਾ ਨਹੀਂ ਬਲਕਿ ਪੰਜਾਬ ਦਾ ਮੁੱਦਾ ਹੈ ਤੇ ਪੰਜਾਬ ਦੇ ਮੁੱਦੇ ’ਤੇ ਸਾਡਾ ਕੋਈ ਮਤਭੇਦ ਨਹੀਂ ਹੈ ਤੇ ਅਸੀਂ ਸਾਰੇ ਇਕਜੁੱਟ ਹਨ।

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਕਦੇ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਪਾਣੀਆਂ ਦਾ ਮਸਲਾ ਗੱਲ ਕਰਕੇ ਨਿਬੇੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਾਡੇ ਧੌਣ ‘ਤੇ ਗੋਡਾ ਰੱਖ ਕੇ ਸਾਡੇ ਤੋਂ ਪਾਣੀ ਲੈਣਾ ਚਾਹੁੰਦਾ ਹੈ ਪਰ ਅਸੀਂ ਇਹ ਹੋਣ ਨਹੀਂ ਦੇਵਾਂਗੇ।  ਸੁਨੀਲ ਜਾਖੜ ਪੰਜਾਬ ਤੋਂ ਪਿਆਰ ਨਾਲ ਪਾਣੀ ਲੈ ਲਓ ਪਰ ਧੱਕੇ ਨਾਲ ਨਹੀਂ ਲੈ ਸਕਦੇ। ਇਸ ਦੌਰਾਨ ਸੁਨੀਲ ਜਾਖੜ ਨੇ ਭਰੋਸਾ ਦਿੱਤਾ ਕਿ ਉਹ ਸਾਰੀ ਗੱਲ ਕੇਂਦਰ ਤੱਕ ਪਹੁੰਚਾਉਣਗੇ।

Leave a Reply

Your email address will not be published. Required fields are marked *