ਆਪ ਸਰਕਾਰ ਦੇ  ’ਗੁੰਡਾ ਟੈਕਸ’ ਨੂੰ ਬੇਨਕਾਬ ਕਰਨ ਵਾਸਤੇ ਪੰਜਾਬ ਦੇ ਹਰ ਸ਼ਹਿਰ ਤੱਕ ਪਹੁੰਚ ਕਰਾਂਗਾ: ਐਨ ਕੇ ਸ਼ਰਮਾ

ਚੰਡੀਗੜ੍ਹ, 22 ਅਪ੍ਰੈਲ (ਖ਼ਬਰ ਖਾਸ ਬਿਊਰੋ)
 ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਛੋਟੇ ਅਤੇ ਮੱਧਮ ਵਪਾਰੀਆਂ ’ਤੇ ਛਾਪੇਮਾਰੀ ਕਰ ਕ ਵਸੂਲੇ ਜਾ ਰਹੇ ’ਗੁੰਡਾ ਟੈਕਸ’ ਨੂੰ ਬੇਨਕਾਬ ਕਰਨ ਵਾਸਤੇ ਹਰ ਸ਼ਹਿਰ ਦਾ ਦੌਰਾ ਕੀਤਾ ਜਾਵੇਗਾ ਅਤੇ ਪਾਰਟੀ ਨੇ ਸਾਰੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਪੱਛਮੀ ਵਿਚ ਇਕੱਠੇ ਹੋਣ ਅਤੇ ਜ਼ਿਮਨੀ ਚੋਣ ਲਈ ਚਲ ਰਹੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਆਪ ਨੂੰ ਅੱਗੇ ਹੋ ਕੇ ਟਕਰਣ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਧਰਨਿਆਂ’ ਦੀ ਅਗਵਾਈ ਕਰਨਗੇ। ਉਹਨਾਂ ਕਿਹਾ ਕਿ ਅਸੀਂ ਪੰਜਾਬੀ ਵਪਾਰੀਆਂ ਨੂੰ ਟੈਕਸ ਅਤਿਵਾਦ ਤੋਂ ਪੀੜਤ ਹੋਣ ਤੇ ਉਹਨਾਂ ਨਾਲ ਅਪਰਾਧੀਆਂ ਵਾਂਗੂ ਵਿਹਾਰ ਕੀਤੇ ਜਾਣ ਦੀ ਆਗਿਆ ਨਹੀਂ ਦੇਵਾਂਗੇ।

ਵੇਰਵੇ ਸਾਂਝੇ ਕਰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਨੇ ਸੂਬੇ ਦੇ 240 ਈ ਟੀ ਓਜ਼ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਹਰ ਮਹੀਨੇ ਘੱਟੋ ਘੱਟ ਚਾਰ ਵਾਰ ਛਾਪੇਮਾਰੀ ਕਰਨ ਅਤੇ ਹਰ ਕੇਸ ਵਿਚ 8 ਲੱਖ ਰੁਪਏ ਦਾ ਜ਼ੁਰਮਾਨਾ ਲਗਾਉਣ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਇਕ ਸਾਲ ਵਿਚ 1200 ਵਾਰ ਛਾਪੇਮਾਰੀ ਹੋਵੇਗੀ ਅਤੇ ਕੁੱਲ 1100 ਕਰੋੜ ਰੁਪਏ ਸਾਲਾਨਾ ਇਕੱਤਰ ਕੀਤਾ ਜਾਵੇਗਾ।

ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਕੋਈ ਪੰਜਾਬ ਵਿਚ ਵਪਾਰ ਕਿਵੇਂ ਕਰ ਸਕਦਾ ਹੈ ? ਉਹਨਾਂ ਕਿਹਾ ਕਿ ਵਪਾਰੀ ਤਾਂ ਪਹਿਲਾਂ ਹੀ ਕਾਨੂੰਨ ਹੀਣਤਾ, ਅਪਰਾਧੀ ਗੈਂਗਸਟਰਾਂ ਤੇ ਫਿਰੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਉਹਨਾਂ ਨੇ ਉੱਤਰ ਪ੍ਰਦੇਸ਼ ਵਿਚ 2.35 ਲੱਖ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ ਅਤੇ ਉਹ ਗੜਬੜਗ੍ਰਸਤ ਜੰਮੂ-ਕਸ਼ਮੀਰ ਵਰਗੇ ਸੂਬੇ ਵਿਚ ਵੀ ਨਿਵੇਸ਼ ਕਰ ਰਹੇ ਹਨ।

ਸ੍ਰੀ ਸ਼ਰਮਾ ਨੈ ਇਹ ਵੀ ਮੰਗ ਕੀਤੀ ਕਿ ਤਤਕਾਲੀ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਪਾਰੀਆਂ ਦੇ ਹਿੱਤਾਂ ਲਈ ਸ਼ੁਰੂ ਕੀਤੀ ’ਰਾਹਤ’ ਸਕੀਮ ਮੁੜ ਤੋਂ ਸ਼ੁਰੂ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਸਕੀਮ ਰਾਹੀਂ ਜਿਥੇ ਇਹ ਯਕੀਨੀ ਬਣਾਇਆ ਗਿਆ ਕਿ ਵਪਾਰੀਆਂ ਦੇ ਮਾਣ ਸਨਮਾਨ ਨਾਲ ਕੋਈ ਸਮਝੌਤਾ ਨਾ ਹੋਵੇ, ਉਥੇ ਹੀ ਇੰਸਪੈਕਟਰੀ ਰਾਜ ਖ਼ਤਮ ਕਰਨ ਦੇ ਯਤਨ ਵੀ ਕੀਤੇ ਗਏ। ਉਹਨਾਂ ਕਿਹਾ ਕਿ ਰਾਹਤ ਸਕੀਮ ਦਾ ਵਪਾਰੀ ਤੇ ਸਰਕਾਰ ਦੋਵਾਂ ਨੂੰ ਲਾਭ ਹੋਇਆ। ਰਾਹਤ ਸਰਟੀਫਿਕੇਟਾਂ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਇੰਸਪੈਕਟਰ ਵਪਾਰੀਆਂ ਦੇ ਅਦਾਰਿਆਂ ਵਿਚ ਪ੍ਰਵੇਸ਼ ਨਹੀਂ ਕਰਨਗੇ ਤੇ ਨਾਲ ਹੀ ਇਸ ਨਾਲ ਸੂਬੇ ਵਿਚ ਟੈਕਸ ਦਾ ਦਾਇਰਾ ਵੀ ਵੱਧ ਗਿਆ।

ਸਕੀਮ ਅਧੀਨ ਵੱਖ-ਵੱਖ ਸਲੈਬਾਂ ਦਾ ਜ਼ਿਕਰ ਕਰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਜਿਸ ਵਪਾਰੀ ਦੀ ਸਾਲਾਨਾ ਟਰਨ ਓਵਰ 25 ਲੱਖ ਰੁਪਏ ਸੀ, ਉਸ ਲਈ 5 ਹਜ਼ਾਰ ਰੁਪਏ ਟੈਕਸ ਰੱਖਿਆ ਗਿਆ, ਜਿਹਨਾਂ ਦੀ ਟਰਨ ਓਵਰ 25 ਤੋਂ 50 ਲੱਖ ਰੁਪਏ ਵਿਚਕਾਰ ਸੀ, ਉਹਨਾਂ ਵਾਸਤੇ 10 ਹਜ਼ਾਰ ਰੁਪਏ ਅਤੇ 50 ਲੱਖ ਤੋਂ 75 ਲੱਖ ਰੁਪਏ ਤੋਂ ਵੱਧ ਦੀ ਟਰਨ ਓਵਰ ਵਾਸਤੇ 15 ਹਜ਼ਾਰ ਰੁਪਏ ਤੇ 75 ਲੱਖ ਤੋਂ 1 ਕਰੋੜ ਰੁਪਏ ਦਰਮਿਆਨ ਟਰਨ ਓਵਰ ਵਾਸਤੇ 20 ਹਜ਼ਾਰ ਰੁਪਏ ਟੈਕਸ ਨਿਰਧਾਰਿਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸੌਖੀਆਂ ਤੇ ਇੰਡਸਟਰੀ ਲਈ ਦੋਸਤਾਨਾ ਸਲੈਬਾਂ ਲਾਗੂ ਕਰਨ ਤੋਂ ਇਲਾਵਾ ਅਕਾਲੀ ਦਲ ਦੀ ਸਰਕਾਰ ਨੇ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਇਤਿਹਾਸ ਵਿਚ ਵਪਾਰੀਆਂ ਲਈ ਸਿਹਤ ਬੀਮਾ ਸਕੀਮ ਸ਼ੁਰੂ ਕੀਤੀ ਗਈ।

ਅਕਾਲੀ ਆਗੂ ਨੇ ਕਿਹਾ ਕਿ ਆਪ ਸਰਕਾਰ ਨੇ ਵਪਾਰੀਆਂ ਦੀ ਨਵੀਂ ਸਰਕਾਰੀ ਤਰੀਕੇ ਨਾਲ ਲੁੱਟ ਸ਼ੁਰੂ ਕੀਤੀ ਹੈ  ਕਿਉਂਕਿ ਆਪ ਦੀ ਦਿੱਲੀ ਲੀਡਰਸ਼ਿਪ ਨੇ ਪੰਜਾਬ ਸਰਕਾਰ ਦੀ ਵਾਗਡੋਰ ਸੰਭਾਲ ਲਈ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਆਖਿਆ ਸੀ ਕਿ ਦਿੱਲੀ ਵਿਚ ਆਪ ਦੀ ਹਾਰ ਪੰਜਾਬ ਲਈ ਕਾਲਾ ਦਿਵਸ ਹੋਵੇਗਾ ਕਿਉਂਕਿ ਆਪ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਆ ਵੜੇਗੀ ਅਤੇ ਇਸਨੂੰ ਲੁੱਟ ਕੇ ਖਾ ਜਾਵੇਗੀ ਤੇ ਇਹੋ ਕੁਝ ਹੁਣ ਹੋ ਰਿਹਾ ਹੈ।

Leave a Reply

Your email address will not be published. Required fields are marked *