ਪੰਜਾਬ ਪੁਲਿਸ ਨੇ ਅਮਰੀਕਾ ਅਧਾਰਤ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼; ਪੰਜ ਪਿਸਤੌਲਾਂ ਸਮੇਤ ਇੱਕ ਕਾਬੂ

ਅੰਮ੍ਰਿਤਸਰ, 22 ਅਪ੍ਰੈਲ (ਖ਼ਬਰ ਖਾਸ ਬਿਊਰੋ)

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਅਮਰੀਕਾ ਅਧਾਰਤ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦੇ ਇਕ ਸੰਚਾਲਕ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੁਰੀ ਵਜੋਂ ਹੋਈ ਹੈ, ਜੋ ਕਿ ਪੱਖੋਵਾਲ, ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਵਿਖੇ ਰਹਿ ਰਿਹਾ ਹੈ। ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਪੰਜ ਪਿਸਤੌਲ – ਜਿਨ੍ਹਾਂ ਵਿੱਚ ਦੋ .45 ਬੋਰ, ਦੋ .30 ਬੋਰ ਅਤੇ ਇੱਕ .32 ਬੋਰ ਪਿਸਤੌਲ ਸ਼ਾਮਲ ਹੈ, ਬਰਾਮਦ ਕਰਨ ਤੋਂ ਇਲਾਵਾ ਇੱਕ ਚਿੱਟੇ ਰੰਗ ਦੀ ਹੁੰਡਈ ਵਰਨਾ ਕਾਰ (ਪੀਬੀ91ਐਨ0209) ਜਿਸ ਵਿੱਚ ਮੁਲਜ਼ਮ ਜਾ ਰਿਹਾ ਸੀ, ਵੀ ਜ਼ਬਤ ਕੀਤੀ ਹੈ।

ਹੋਰ ਪੜ੍ਹੋ 👉  NCC Group Chandigarh ਨੇ ਸਾਲ ਭਰ ਚੱਲਣ ਵਾਲੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਲਈ ਪ੍ਰੋਗਰਾਮ ਕੈਲੰਡਰ ਜਾਰੀ ਕੀਤਾ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਗੁਰਵਿੰਦਰ ਗੁਰੀ ਆਪਣੇ ਅਮਰੀਕਾ ਅਧਾਰਤ ਹੈਂਡਲਰ ਗੁਰਲਾਲ ਸਿੰਘ ਅਤੇ ਹਰਦੀਪ ਸਿੰਘ, ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਇੱਕ ਗੱਠਜੋੜ ਬਣਾਇਆ ਹੋਇਆ ਹੈ ਅਤੇ ਪੰਜਾਬ ਵਿੱਚ ਆਪਣੇ ਸਥਾਨਕ ਸਾਥੀਆਂ ਰਾਹੀਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਗਿਰੋਹ ਚਲਾ ਰਹੇ ਹਨ, ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਸੀ।

ਜਾਣਕਾਰੀ ਮੁਤਾਬਕ, ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਗੁਰਵਿੰਦਰ ਸਿੰਘ ਅਮਰੀਕਾ ਸਥਿਤ ਹਰਦੀਪ ਸਿੰਘ, ਜਿਸਨੂੰ ਪਹਿਲਾਂ 2020 ਵਿੱਚ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਐਸਟੀਐਫ ਲੁਧਿਆਣਾ ਨੇ ਗ੍ਰਿਫ਼ਤਾਰ ਕੀਤਾ ਸੀ, ਦਾ ਸਾਲਾ ਹੈ। ਇਸ ਤੋਂ ਬਾਅਦ, ਹਰਦੀਪ ਸਿੰਘ ਸਾਲ 2022 ਵਿੱਚ ਭਾਰਤ ਤੋਂ ਅਮਰੀਕਾ ਭੱਜ ਗਿਆ ਸੀ।

ਹੋਰ ਪੜ੍ਹੋ 👉  50 ਸਾਲਾਂ ਦੇ ਅਰਸੇ ਬਾਅਦ ਮਲੋਟ ਦੀਆਂ ਟੇਲਾਂ ਤੱਕ ਪਹੂੰਚਿਆ ਨਹਿਰੀ ਪਾਣੀ : ਡਾ ਬਲਜੀਤ ਕੌਰ

ਇਸ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਨੂੰ ਇੱਕ ਸੂਹ ਮਿਲੀ ਸੀ ਕਿ ਦੋਸ਼ੀ ਗੁਰਵਿੰਦਰ ਸਿੰਘ ਨੂੰ ਉਸਦੇ ਹੈਂਡਲਰਾਂ ਨੇ ਲੁਧਿਆਣਾ ਵਿੱਚ ਇੱਕ ਖੇਪ ਪਹੁੰਚਾਉਣ ਦਾ ਕੰਮ ਸੌਂਪਿਆ ਹੈ। ਇਸ ਸੂਹ ‘ਤੇ ਤੁਰੰਤ ਕਾਰਵਾਈ ਕਰਦਿਆਂ ਸੀਆਈ ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਸ਼ਾਮ ਨਗਰ ਫਾਟਕ ਲੁਧਿਆਣਾ ਨੇੜੇ ਉਦੋਂ ਰੋਕ ਕੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਆਪਣੀ ਵਰਨਾ ਕਾਰ ਵਿੱਚ ਖੇਪ ਪਹੁੰਚਾਉਣ ਜਾ ਰਿਹਾ ਸੀ।

ਡੀਜੀਪੀ ਨੇ ਕਿਹਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਦੀ ਵਰਤੋਂ ਪੰਜਾਬ ਭਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ 👉  ਰਾਹੁਲ ਦੇ ਬਿਆਨ ਦੱਸਦੇ ਹਨ ਕਿ ਉਹਨਾਂ ਨੂੰ ਆਪਣੀ ਦਾਦੀ ਤੇ ਪਿਓ ਵੱਲੋਂ ਕੀਤੇ ਗੁਨਾਹਾਂ ਦਾ ਕੋਈ ਅਫਸੋਸ ਨਹੀਂ-ਹਰਸਿਮਰਤ ਬਾਦਲ

ਇਸ ਸਬੰਧੀ ਐਫਆਈਆਰ ਨੰਬਰ 21 ਮਿਤੀ 21.04.2025 ਨੂੰ ਥਾਣਾ ਐਸਐਸਓਸੀ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *