ਨਵੀਂ ਦਿੱਲੀ, 22 ਅਪ੍ਰੈਲ (ਖਬਰ ਖਾਸ ਬਿਊਰੋ)
ਦੱਖਣ-ਪੂਰਬੀ ਦਿੱਲੀ ਦੇ ਪੁਲ ਪ੍ਰਹਲਾਦਪੁਰ ਇਲਾਕੇ ਵਿੱਚ ਦੋ ਵਿਅਕਤੀਆਂ ਨੂੰ ਬੀੜੀ ਨਾ ਦੇਣ ’ਤੇ ਇਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਹੋਈ ਇਸ ਘਟਨਾ ਵਿੱਚ ਨੌਜਵਾਨ ਦਾ ਵੱਡਾ ਭਰਾ ਅਤੇ ਉਸਦਾ ਦੋਸਤ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਇਕ ਪਾਰਕ ਵਿਚ ਸੋਹੇਬ ਨੇ ਮੁਹੱਲੇ ਦੇ ਰਹਿਣ ਵਾਲੇ ਮੁੰਨਾ ਅਤੇ ਸਨੀ ਨੂੰ ਬੀੜੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਗੁੱਸੇ ਵਿਚ ਦੋਹਾਂ ਨੇ ਸੋਹੇਬ ਨੂੰ ਥੱਪੜ ਮਾਰ ਦਿੱਤਾ।
ਇਸ ਉਪਰੰਤ ਜਦੋਂ ਸੋਹੇਬ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਆਏ ਤਾਂ ਮੁੰਨਾ (26) ਨੇ ਭਰਾ ਇਮਤਿਆਜ਼ (30) ਅਤੇ ਭਤੀਜੇ ਸਨੀ (20) ਦੇ ਨਾਲ ਮਿਲ ਕੇ ਸੋਹੇਬ ਅਤੇ ਉਸਦੇ ਨਾਲ ਆਏ ਹੋਏ ਲੋਕਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਪੁਲੀਸ ਅਨੁਸਾਰ ਜ਼ਖਮੀ ਹੋਏ ਲੋਕਾਂ ਨੂੰ ਈਐੱਸਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੋਹੇਬ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਫਿਰੋਜ਼ ਉਰਫ਼ ਮੁੰਨਾ, ਇਮਤਿਆਜ਼ ਅਤੇ ਸੌਦਾਗਰ ਉਰਫ਼ ਸਨੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਦੋ ਚਾਕੂ ਵੀ ਬਰਾਮਦ ਕੀਤੇ ਗਏ ਹਨ।