ਰਾਮਦੇਵ ਦੀ ‘ਸ਼ਰਬਤ ਜਿਹਾਦ’ ਟਿੱਪਣੀ ਨੇ ਕੋਰਟ ਦੀ ਜ਼ਮੀਰ ਨੂੰ ਝੰਜੋੜਿਆ

ਨਵੀਂ ਦਿੱਲੀ, 22 ਅਪ੍ਰੈਲ (ਖਬਰ ਖਾਸ ਬਿਊਰੋ)

Delhi HC ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਵੱਲੋਂ ਹਮਦਰਦ ਦੇ ਰੂਹ ਅਫਜ਼ਾ ਬਾਰੇ ਕਥਿਤ ‘ਸ਼ਰਬਤ ਜਿਹਾਦ’ ਟਿੱਪਣੀ ਵਾਲੇ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਜਸਟਿਸ ਅਮਿਤ ਬਾਂਸਲ ਨੇ ਸੁਣਵਾਈ ਦੌਰਾਨ ਕਿਹਾ, ‘‘ਇਹ ਅਦਾਲਤ ਦੀ ਅੰਤਰ-ਆਤਮਾ (ਜ਼ਮੀਰ) ਨੂੰ ਝੰਜੋੜਦਾ ਹੈ। ਇਹ ਬਿਆਨ ਕਿਸੇ ਤਰ੍ਹਾਂ ਵੀ ਬਚਾਅ ਦਾ ਹੱਕਦਾਰ ਨਹੀਂ ਹੈ।’’ ਉਨ੍ਹਾਂ ਰਾਮਦੇਵ ਦੇ ਵਕੀਲ ਨੂੰ ਕਿਹਾ, ‘‘ਤੁਸੀਂ ਆਪਣੇ ਮੁਵੱਕਿਲ ਤੋਂ ਨਿਰਦੇਸ਼ ਲਵੋ, ਨਹੀਂ ਤਾਂ ਇਹ ਕੋਰਟ ਸਖ਼ਤ ਹੁਕਮ ਪਾਸ ਕਰੇਗੀ।’’

ਇਹ ਟਿੱਪਣੀ ਹਮਦਰਦ ਨੈਸ਼ਨਲ ਫਾਊਂਡੇਸ਼ਨ (ਇੰਡੀਆ) ਵੱਲੋਂ ਰਾਮਦੇਵ ਦੀ ਕੰਪਨੀ ਪਤੰਜਲੀ ਫੂਡਜ਼ ਲਿਮਟਿਡ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ ਗਈ। ਹਮਦਰਦ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਹਾਲ ਹੀ ਵਿੱਚ ਰਾਮਦੇਵ ਨੇ ਪਤੰਜਲੀ ਦੇ ਗੁਲਾਬ ਸ਼ਰਬਤ ਦਾ ਪ੍ਰਚਾਰ ਕਰਦੇ ਹੋਏ ਕਿਹਾ ਸੀ ਕਿ ‘‘ਹਮਦਰਦ ਦੇ ਰੂਹ ਅਫਜ਼ਾ ਤੋਂ ਕਮਾਏ ਪੈਸੇ ਨੂੰ ਮਦਰੱਸਿਆਂ ਅਤੇ ਮਸਜਿਦਾਂ ਦੇ ਨਿਰਮਾਣ ਵਿੱਚ ਲਗਾਇਆ ਜਾਂਦਾ ਹੈ।’’ ਰਾਮਦੇਵ ਨੇ ਹਾਲਾਂਕਿ ਮਗਰੋਂ ਆਪਣੇ ਬਿਆਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਸੇ ਬ੍ਰਾਂਡ ਜਾਂ ਭਾਈਚਾਰੇ ਦਾ ਨਾਮ ਨਹੀਂ ਲਿਆ ਸੀ।

ਹਮਦਰਦ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਸਿਰਫ਼ ਮੁਕਾਬਲੇਬਾਜ਼ੀ ਦੀ ਆਲੋਚਨਾ ਬਾਰੇ ਨਹੀਂ ਹੈ, ਸਗੋਂ ਫਿਰਕੂ ਪਾੜਾ ਫੈਲਾਉਣ ਬਾਰੇ ਹੈ। ਉਨ੍ਹਾਂ ਕਿਹਾ, ‘‘ਇਹ ਨਫ਼ਰਤ ਭਰਿਆ ਭਾਸ਼ਣ ਹੈ। ਉਹ ਕਹਿੰਦੇ ਹਨ ਕਿ ਇਹ ‘ਸ਼ਰਬਤ ਜਿਹਾਦ’ ਹੈ। ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ, ਉਹ ਸਾਨੂੰ ਕਿਉਂ ਨਿਸ਼ਾਨਾ ਬਣਾ ਰਹੇ ਹਨ?’’ ਰਾਮਦੇਵ ਵੱਲੋਂ ਬਹਿਸ ਕਰਨ ਵਾਲਾ ਵਕੀਲ ਉਪਲਬਧ ਨਾ ਹੋਣ ਕਰਕੇ ਕੋਰਟ ਵੱਲੋਂ ਕੁਝ ਸਮੇਂ ਬਾਅਦ ਮੁੜ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *