ਕਪੂਰਥਲਾ ਹਾਊਸ ਹੁਣ ‘ਮੈਰਿਜ ਪੈਲੇਸ ਆਫ਼ ਐਮੀਨੈਂਸ’
ਨਵੀਂ ਦਿੱਲੀ, 19 ਅਪਰੈਲ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਵੱਲੋਂ ਕਪੂਰਥਲਾ ਹਾਊਸ ਵਿਚ ਆਪਣੇ ਆਈਆਈਟੀ-ਡੀ ਦੇ ਹਮਜਮਾਤੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਨਿੱਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਇਕ ਮੈਰਿਜ ਪੈਲੇਸ ਵਿੱਚ ਬਦਲ ਗਈ ਹੈ।
ਜਾਖੜ ਨੇ ਕਿਹਾ, ‘‘ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਕਪੂਰਥਲਾ ਹਾਊਸ ਵਿਚ ਉਨ੍ਹਾਂ ਦੀ ਧੀ ਦੇ ਵਿਆਹ ਦੇ ਮੌਕੇ ਹਾਰਦਿਕ ਸ਼ੁਭਕਾਮਨਾਵਾਂ। ਕੁਝ ਸਮੇਂ ਤੋਂ ‘ਕਪੂਰਥਲਾ ਹਾਊਸ’ ਇਕ ‘ਮੈਰਿਜ ਪੈਲੇਸ ਆਫ਼ ਐਮੀਨੈਂਸ’ ਬਣ ਗਿਆ ਜਾਪਦਾ ਹੈ।’’
ਜਾਖੜ ਨੇ ਯਾਦ ਦਵਾਇਆ ਕਿ ਕੇਜਰੀਵਾਲ ਦੀ ਧੀ ਦੇ ਵਿਆਹ ਤੋਂ ਪਹਿਲਾਂ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਆਹ ਸਬੰਧੀ ਸਮਾਰੋਹ ਇਸੇ ਥਾਂ ‘ਤੇ ਹੋਏ ਸਨ। ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ, ‘‘ਇਮਾਨਦਾਰੀ ਦੇ ਸਵਾਲਾਂ ਨੂੰ ਭੁੱਲ ਜਾਓ, ਉਹ ਸਿਰਫ ਸਮੇਂ ਦੀ ਗੱਲ ਹੈ। ਮਾਣਯੋਗ ਮੁੱਖ ਮੰਤਰੀ ਇਸ ਨੂੰ ਪੰਜਾਬ ਸਰਕਾਰ ਦੀ ਨਵੀਂ ਪਹਿਲਕਦਮੀ ਵਜੋਂ ਐਲਾਨ ਸਕਦੇ ਹਨ। ਕਪੂਰਥਲਾ ਹਾਊਸ ਦੇ ਦਰਵਾਜ਼ੇ ਖਾਸ ਆਦਮੀ ਦੀ ਸ਼ੈਲੀ ਵਿਚ ਵਿਆਹ ਕਰਵਾਉਣ ਲਈ ਖੋਲ੍ਹ ਕੇ ਲਗਭਗ ਦੀਵਾਲੀਆ ਹੋ ਚੁੱਕੇ ਪੰਜਾਬ ਵਾਸਤੇ ਮਾਲੀਆ ਕਮਾਉਣ ਲਈ ‘ਕ੍ਰਾਂਤੀ’ ਦਾ ਇੱਕ ਹੋਰ ਮਾਡਲ।’’
ਜ਼ਿਕਰਯੋਗ ਹੈ ਕਿ ਕੇਜਰੀਵਾਲ ਦੀ ਧੀ ਹਰਸ਼ਿਤਾ ਦਾ ਬੀਤੇ ਦਿਨ ਕਪੂਰਥਲਾ ਹਾਊਸ ਵਿਖੇ ਸੰਭਵ ਜੈਨ ਨਾਲ ਵਿਆਹ ਹੋਇਆ ਹੈ। ਜੈਮਾਲਾ ਅਤੇ ਰਿਸੈਪਸ਼ਨ ਦੋਵੇਂ ਸਮਾਗਮ ਕਪੂਰਥਲਾ ਹਾਊਸ ਵਿਖੇ ਹੀ ਕੀਤੇ ਗਏ।