ਨਵੀੰ ਦਿੱਲੀ 18 ਅਪ੍ਰੈਲ (ਖਬਰ ਖਾਸ ਬਿਊਰੋ)
ਇੰਡੀਅਨ ਨੇਵਲ ਸੇਲਿੰਗ ਵੈਸਲ (INSV) ਤਾਰਿਨੀ ਨੇ ਅਪਣੀ ਇਤਿਹਾਸਕ ਪ੍ਰੀਕਰਮਾ ਯਾਤਰਾ ਵਿਚ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਪਾਰ ਕਰ ਲਿਆ ਹੈ। ਬੀਤੇ ਦਿਨ ਮਹਿਲਾ ਚਾਲਕ ਦਲ ਨੇ ਮਾਣ ਨਾਲ ਕੇਪ ਆਫ਼ ਗੁੱਡ ਹੋਪ ਨੂੰ ਪਾਰ ਕੀਤਾ, ਜੋ ਕਿ ਭਾਰਤ ਵਾਪਸ ਆਉਣ ਤੋਂ ਪਹਿਲਾਂ ਆਖ਼ਰੀ ਮਹੱਤਵਪੂਰਨ ਸਟਾਪ ਸੀ।
ਇਸ ਉਪਲਬਧੀ ਦੇ ਨਾਲ, ਆਈਐਨਐਸਵੀ ਤਾਰਿਨੀ ਦੇ ਚਾਲਕ ਦਲ ਨੇ ਦੁਨੀਆਂ ਦੇ ਤਿੰਨ ਪ੍ਰਮੁੱਖ ਦੱਖਣੀ ਕੈਪਸ ਨੂੰ ਸਫ਼ਲਤਾਪੂਰਵਕ ਪਾਰ ਕਰ ਲਿਆ ਹੈ।
ਕੇਪ ਲੁਇਨ (29 ਨਵੰਬਰ 2024 ਨੂੰ ਪਾਰ ਕੀਤਾ)
ਕੇਪ ਹੌਰਨ (14 ਫ਼ਰਵਰੀ 2025 ਨੂੰ ਪਾਰ ਕੀਤਾ)
ਤੇ ਹੁਣ ਕੇਪ ਆਫ਼ ਗੁੱਡ ਹੋਪ
ਇਹ ਦੁਨੀਆ ਭਰ ਵਿਚ ਸਮੁੰਦਰੀ ਸਫ਼ਰ ਵਿਚ ਇਕ ਦੁਰਲੱਭ ਅਤੇ ਚੁਣੌਤੀਪੂਰਨ ਕਾਰਨਾਮਾ ਹੈ।
ਇਹ ਮੁਹਿੰਮ ਬੇਮਿਸਾਲ ਸਮੁੰਦਰੀ ਸਫ਼ਰ ਦੇ ਹੁਨਰ, ਹਿੰਮਤ ਅਤੇ ਟੀਮ ਭਾਵਨਾ ਦਾ ਪ੍ਰਤੀਕ ਹੈ, ਜਿਸ ਨੇ ਭਾਰਤੀ ਸਮੁੰਦਰੀ ਸਫ਼ਰ ਨੂੰ ਵਿਸ਼ਵ ਪੱਧਰ ‘ਤੇ ਇਕ ਨਵੀਂ ਪਛਾਣ ਦਿਤੀ ਹੈ। ਦੱਖਣੀ ਮਹਾਸਾਗਰ ਦੀਆਂ ਖ਼ਤਰਨਾਕ ਲਹਿਰਾਂ ਦਾ ਸਾਹਮਣਾ ਕਰਦੇ ਹੋਏ, ਚਾਲਕ ਦਲ ਨੇ ਲਗਾਤਾਰ ਸੀਮਾਵਾਂ ਨੂੰ ਪਾਰ ਕੀਤਾ ਹੈ ਅਤੇ ਖੋਜ ਅਤੇ ਧੀਰਜ ਦੀ ਉਦਾਹਰਣ ਦਿਤੀ ਹੈ।
ਸਮੁੰਦਰੀ ਯਾਤਰਾ ਦੇ ਕੇਪ ਹੌਰਨ ਪੜਾਅ ਦੀ ਇਕ ਛੋਟੀ ਜਿਹੀ ਵੀਡੀਉ ਕਲਿੱਪ ਜਾਰੀ ਕੀਤੀ ਗਈ ਹੈ, ਜਿਸ ਵਿਚ ਚਾਲਕ ਦਲ ਨੂੰ ਲਗਾਤਾਰ ਮੀਂਹ, ਸੀ ਸਟੇਟ 5 ਸਥਿਤੀਆਂ, 40 ਨੌਟ (ਲਗਭਗ 75 ਕਿਲੋਮੀਟਰ ਪ੍ਰਤੀ ਘੰਟਾ) ਤਕ ਦੀਆਂ ਹਵਾਵਾਂ ਅਤੇ ਪੰਜ ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਵਿਚੋਂ ਲੰਘਦੇ ਦਿਖਾਇਆ ਗਿਆ ਹੈ। ਜੋ ਸਮੁੰਦਰ ਵਿਚ ਦਰਪੇਸ਼ ਮੁਸ਼ਕਲ ਹਾਲਾਤਾਂ ਦੀ ਝਲਕ ਦਿੰਦਾ ਹੈ।
ਹੁਣ ਜਿਵੇਂ ਕਿ INSV ਤਾਰਿਣੀ ਭਾਰਤ ਵਾਪਸ ਆ ਰਿਹਾ ਹੈ, ਇਹ ਅਪਣੇ ਨਾਲ ਨਾ ਸਿਰਫ਼ ਅਪਣੇ ਬਹਾਦਰ ਅਮਲੇ ਨੂੰ ਸਗੋਂ ਪੂਰੇ ਦੇਸ਼ ਦੀਆਂ ਉਮੀਦਾਂ ਅਤੇ ਸਨਮਾਨ ਨੂੰ ਵੀ ਲੈ ਕੇ ਚੱਲ ਰਹੀ ਹੈ। ਇਹ ਯਾਤਰਾ ਸਮੁੰਦਰੀ ਖੋਜ ਵਿਚ ਭਾਰਤ ਦੀ ਵਧਦੀ ਸਾਖ ਅਤੇ ਇਸ ਦੇ ਨਾਵਿਕਾਂ ਦੇ ਮਹਾਨ ਜਜ਼ਬੇ ਦਾ ਪ੍ਰਮਾਣ ਹੈ।