ਨਵੀਂ ਦਿੱਲੀ, 12 ਅਪਰੈਲ (ਖ਼ਬਰ ਖਾਸ ਬਿਊਰੋ)
ਇਥੋਂ ਦੇ ਹਵਾਈ ਅੱਡੇ ’ਤੇ ਤੇਜ਼ ਹਵਾਵਾਂ ਚੱਲਣ ਕਾਰਨ ਲਗਪਗ ਦੋ ਸੌ ਦੇ ਕਰੀਬ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਜਦਕਿ ਚਾਲੀ ਤੋਂ ਵੱਧ ਦੇ ਰੂਟ ਬਦਲੇ ਗਏ ਹਨ ਤੇ ਉਨ੍ਹਾਂ ਨੂੰ ਨੇੜਲੇ ਹਵਾਈ ਅੱਡਿਆਂ ’ਤੇ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਨੂੰ ਹਨੇਰੀ ਆਈ ਤੇ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਤੇ ਇਹ ਵਰਤਾਰਾ ਅੱਜ ਸਵੇਰ ਸੱਤ ਵਜੇ ਤਕ ਚਲਦਾ ਰਿਹਾ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਦੋਸ਼ ਲਾਇਆ ਕਿ ਉਡਾਣਾਂ ਦੇਰੀ ਨਾਲ ਚੱਲਣ ਕਾਰਨ ਉਨ੍ਹਾਂ ਨੂੰ ਕਈ ਵਾਰ ਚੈਕ ਇਨ ਕਰਨਾ ਪਿਆ ਤੇ ਹਵਾਈ ਅੱਡੇ ’ਤੇ ਭੀੜ ਜਮ੍ਹਾ ਹੋ ਗਈ ਤੇ ਅਫਰਾ ਤਫਰੀ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਤੋਂ ਬਾਅਦ ਏਅਰ ਇੰਡੀਆ, ਇੰਡੀਗੋ ਤੇ ਹੋਰ ਉਡਾਣਾਂ ਨੇ ਐਕਸ ’ਤੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।