ਚੰਡੀਗੜ੍ਹ,10ਅਪ੍ਰੈਲ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਸ਼ਹੀਦ ਨਹੀਂ ਹੋਏ ਜਿਹੋ ਜਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਬਲਕਿ ਉਹਨਾਂ ਦਾ ਆਮ ਆਦਮੀ ਪਾਰਟੀ (ਆਪ) ਦੇ ਸਰਪੰਚ ਨੇ ਕਤਲ ਕੀਤਾ ਹੈ ਜਿਸਨੂੰ ਆਪ ਦੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਪੁਸ਼ਤਪਨਾਹੀ ਹਾਸਲ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਬ ਇੰਸਪੈਕਟਰ ਨੂੰ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਤੋਂ ਗੋਲੀਆਂ ਨਹੀਂ ਵੱਜੀਆਂ ਬਲਕਿ ਆਪ ਦੇ ਸਰਪੰਚ ਜਿਸਨੂੰ ਆਪ ਦੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਪੁਸ਼ਤਪਨਾਹੀ ਹਾਸਲ ਹੈ, ਨੇ ਕਤਲ ਕੀਤਾ ਹੈ। ਉਹਨਾਂ ਕਿਹਾ ਕਿ ਖਡੂਰ ਸਾਹਿਬ ਵਿਚ ਪੁਲਿਸ ਵਿਭਾਗ ਵਿਧਾਇਕ ਦੀਆਂ ਗੈਰ ਕਾਨੂੰਨੀ ਮੰਗਾਂ ਅੱਗੇ ਉਦੋਂ ਤੋਂ ਝੁੱਕ ਗਿਆ ਹੈ ਜਦੋਂ ਤੋਂ ਵਿਧਾਇਕ ਇਮਾਨਦਾਰ ਤੇ ਚੰਗੇ ਅਫਸਰ ਗੁਰਮੀਤ ਸਿੰਘ ਚੌਹਾਨ ਵਰਗੇ ਅਫਸਰ ਜਿਸਨੇ ਵਿਧਾਇਕ ਦੇ ਰਿਸ਼ਤੇਦਾਰ ਦੀ ਨਜਾਇਜ਼ ਮਾਇਨਿੰਗ ਖਿਲਾਫ ਕਾਰਵਾਈ ਕੀਤੀ, ਨੂੰ ਬਦਲਵਾਉਣ ਵਿਚ ਸਫਲ ਰਿਹਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਵਿਚ ਪਿਛਲੇ ਡੇਢ ਸਾਲਾਂ ਵਿਚ ਕਾਨੂੰਨ ਵਿਵਸਥਾ ਦੀ ਹਾਲਾਤ ਬਹੁਤ ਖਰਾਬ ਹੋ ਗਈ ਹੈ। ਉਹਨਾਂ ਕਿਹਾ ਕਿ ਵਿਧਾਇਕ ਤੇ ਉਸਦੇ ਰਿਸ਼ਤੇਦਾਰਾਂ ਨੇ ਦਹਿਸ਼ਤ ਮਚਾ ਰੱਖੀ ਹੈ। ਉਹਨਾਂ ਕਿਹਾ ਕਿ ਇਹ ਲੋਕ ਹਰ ਤਰੀਕੇ ਦੀ ਗੈਰ ਕਾਨੂੰਨੀ ਗਤੀਵਿਧੀ ਚਲਾ ਰਹੇ ਹਨ ਅਤੇ ਖੁਦ ਨੂੰ ਕਾਨੂੰਨ ਬਣਾ ਲਿਆ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਜਦੋਂ ਕੱਲ੍ਹ ਪੁਲਿਸ ਨੇ ਮੌਕੇ ’ਤੇ ਦਖਲਅੰਦਾਜ਼ੀ ਕੀਤੀ ਤਾਂ ਇਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਦੇ ਸਬ ਇੰਸਪੈਕਟਰ ਦਾ ਕਤਲ ਕਰ ਦਿੱਤਾ ਤੇ ਦੋ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਕਰ ਦਿੱਤੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਪਹਿਲਾਂ ਵਿਧਾਇਕ ਦੇ ਸਾਲੇ ਨੇ ਇਕ ਅਪਾਹਜ ਵਿਅਕਤੀ ਨੂੰ ਜ਼ਲੀਲ ਕੀਤਾ ਤੇ ਪੰਚਾਇਤ ਚੋਣਾਂ ਵਿਚ ਗੁੰਡਾਗਰਦੀ ਕੀਤੀ ਅਤੇ ਅੰਮ੍ਰਿਤਧਾਰੀ ਸਿੱਖ ਦੇ ਸਿੱਖ ਕੱਕਾਰਾਂ ਦਾ ਅਪਮਾਨ ਕੀਤਾ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਦੀ ਮੁੱਖ ਮੰਤਰੀ ਪੁਸ਼ਤ ਪਨਾਹੀ ਕਰ ਰਹੇ ਹਨ ਜੋ ਇਸ ਤੱਥ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਪ ਆਗੂ ਹੀ ਸਬ ਇੰਸਪੈਕਟਰ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਜੇਕਰ ਇਕ ਸਬ ਇੰਸਪੈਕਟਰ ਨਾਲ ਅਜਿਹਾ ਹੋ ਸਕਦਾ ਹੈ ਤਾਂ ਇਕ ਆਮ ਆਦਮੀ ਇਨਸਾਫ ਦੀ ਕੀ ਆਸ ਕਰ ਸਕਦਾ ਹੈ।