ਇਟਲੀ 5 ਅਪ੍ਰੈਲ (ਖ਼ਬਰ ਖਾਸ ਬਿਊਰੋ)
ਮਿਲਾਨ ਇਟਲੀ (ਦਲਜੀਤ ਮੱਕੜ ) ਸਿੰਘ ਸਾਹਿਬ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ, ਗਿਆਨੀ ਸੁਲਤਾਨ ਸਿੰਘ ਅਤੇ ਬਿਕਰਮਜੀਤ ਸਿੰਘ ਜੀ ਅਟਵਾਲ ਦਾ ਇਟਲੀ ਦੀ ਧਰਤੀ ‘ਤੇ ਪਹੁੰਚਣ ਤੇ ਗੁਰਦੁਆਰਾ ਸਿੰਘ ਸਭਾ ਫਲੈਰੋ ਬ੍ਰੇਸ਼ੀਆ ਅਤੇ ਹੋਰਨਾਂ ਸਿੱਖ ਸੰਸਥਾਵਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜਿੱਥੇ ਉਹ ਇੱਥੋ ਦੇ ਸ਼ਹਿਰ ਪਾਰਮਾ ਵਿਖੇ ਹੋਣ ਵਾਲੇ ਪ੍ਰੋਗਰਾਮ ਹਲੇਮੀਆ ਅਤੇ ਮੁਹੱਬਤਾਂ ਦੀ ਲਹਿਰ ਵਿਚ ਸ਼ਿਰਕਤ ਕਰਨਗੇ ਉਥੇ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵੱਲੋਂ 12 ਅਪ੍ਰੈਲ ਨੂੰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਜਾਣ ਵਾਲੇ ਸਲਾਨਾ ਨਗਰ ਕੀਰਤਨ ‘ਚ ਵੀ ਹਾਜ਼ਰੀ ਭਰਨਗੇ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਿੰਘ ਸਾਹਿਬ ਜੱਥੇਦਾਰ ਰਘਬੀਰ ਸਿੰਘ ਜੀ ਨੇ ਪਿਛਲੇ ਸਾਲ ਗੁਰਦੁਆਰਾ ਸਿੰਘ ਸਭਾ ਫਲੇਰੋ ਦੀਆਂ ਆਲੀਸ਼ਾਨ ਇਮਾਰਤਾਂ ਦੇ ਉਦਘਾਟਨੀ ਸਮਾਗਮਾਂ ਵਿਚ ਵੀ ਹਾਜ਼ਰੀ ਭਰਨੀ ਸੀ ਪਰ ਕੁਝ ਕਾਰਨਾਂ ਕਰ ਕੇ ਉਹ ਪਹੁੰਚ ਨਹੀਂ ਸਕੇ ਸਨ ਪਰ 12 ਅਪ੍ਰੈਲ ਨੂੰ ਬਰੇਸ਼ੀਆ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਸੰਗਤਾਂ ਨਾਲ ਹਾਜ਼ਰੀਆਂ ਭਰਦੇ ਕੌਮ ਦੀ ਨੁਮਾਇੰਦਗੀ ਕਰਨਗੇ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਬਾਬਾ ਪ੍ਰੇਮ ਸਿੰਘ ਯਾਦਗਾਰੀ ਕਮੇਟੀ ਅਤੇ ਨੌਜਵਾਨ ਸਭਾ ਫਲੈਰੋ ਦੇ ਅਹੁਦੇਦਾਰ ਮੌਜੂਦ ਸਨ ਜਿਨ੍ਹਾਂ ਵੱਲੋ ਸਿੱਖ ਕੌਮ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਆਖਿਆ ਗਿਆ ।