ਬਾਜਵਾ ਭਾਜਪਾ ਦਾ ਏਜੰਟ -ਹਰਪਾਲ ਚੀਮਾ

 

ਬਾਜਵਾ ਹਾਊਸ ‘ਚ ਕਾਂਗਰਸ ਤੇ ਭਾਜਪਾ ਵਿਚਾਲੇ ਸਿਰਫ਼ ਦਰਜਨ ਪੌੜੀਆਂ ਦੀ ਦੂਰੀ : ਚੀਮਾ

ਚੰਡੀਗੜ 3 ਮਈ (ਖ਼ਬਰ ਖਾਸ ਬਿਊਰੋ)

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੂਬੇ ਦੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ  ਪ੍ਰਤਾਪ ਸਿੰਘ ਬਾਜਵਾ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਚੀਮਾ ਨੇ ਇਕ ਬਿਆਨ ਵਿਚ ਕਿਹਾ ਕਿ ਲੋਕਾਂ ਨੇ ਕਿਸ ਨੂੰ ਵੋਟ ਪਾਉਣੀ ਹੈ, ਇਸ ਬਾਰੇ ਪ੍ਰਤਾਪ ਸਿੰਘ ਬਾਜਵਾ ਤੋ ਸਲਾਹ ਦੀ ਜਰੂਰਤ ਨਹੀਂ । ਉਨਾਂ ਕਿਹਾ ਕਿ ਬਾਜਵਾ ਹਾਊਸ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਦਰਜਨ ਪੌੜੀਆਂ ਦਾ ਹੀ ਫ਼ਰਕ ਹੈ।ਚੀਮਾ ਨੇ ਕਾਂਗਰਸੀਆਂ ਨੂੰ  ਸੁਚੇਤ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ ਏਜੰਟ ਹਨ, ਜੋ ਕਾਂਗਰਸ ਵਿੱਚ ਭਾਜਪਾ ਦਾ ਕੰਮ ਕਰਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ।

ਹਰਪਾਲ ਚੀਮਾ ਨੇ ਅੱਗੇ ਕਿਹਾ ਕਿ ਅੱਜ ਪ੍ਰਤਾਪ ਬਾਜਵਾ ਅਰਵਿੰਦ ਕੇਜਰੀਵਾਲ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਨ, ਪਰ ਕੇਜਰੀਵਾਲ  ਹਮੇਸ਼ਾ ਪ੍ਰਤਾਪ ਬਾਜਵਾ ਨੂੰ ਭਾਜਪਾ ਦਾ ਏਜੰਟ ਕਹਿੰਦੇ ਸਨ। ਚੀਮਾ ਨੇ  ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਪੰਜਾਬ ਵਿੱਚ ਆਪਣੀ ਹੋਣ ਵਾਲੀ ਹਾਰ ਤੋਂ ਦੁਖੀ ਹਨ। ਪੰਜਾਬ ਦੇ ਲੋਕ ਸਿਰਫ਼ ‘ਝਾੜੂ’ ਨੂੰ ਹੀ ਵੋਟ ਪਾਉਣ ਜਾ ਰਹੇ ਹਨ, ਇਸ ਲਈ ਉਹ ਅਜਿਹੇ ਬੇਬੁਨਿਆਦ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹੀ ਅਤੇ ਭਾਜਪਾ ਦੇ ਖਿਲਾਫ ਲੜ ਰਹੇ ਹਨ। ਉਹ ਝੂਠੇ ਕੇਸ ‘ਚ ਜੇਲ੍ਹ ਵਿੱਚ ਹਨ, ਕਿਉਂਕਿ ਭਾਜਪਾ ਅਤੇ ਨਰਿੰਦਰ ਮੋਦੀ ਉਨ੍ਹਾਂ ਤੋਂ ਡਰਦੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਉਹ ਪੰਜਾਬ ਦੇ ਕਾਂਗਰਸੀ ਆਗੂਆਂ ‘ਤੇ ਭਰੋਸਾ ਨਹੀਂ ਕਰਦੇ। ਆਪਣੇ ਬਿਆਨ ਨਾਲ ਪ੍ਰਤਾਪ ਬਾਜਵਾ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਪੰਜਾਬ ਦੇ ਲੋਕ ਇਕ ਵਾਰ ਫਿਰ ਸੁਆਰਥੀ ਕਾਂਗਰਸੀ ਆਗੂਆਂ ਨੂੰ ਹਰਾਉਣ ਲਈ ਤਿਆਰ ਹਨ।

ਹਰਪਾਲ ਚੀਮਾ ਨੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਅੱਧੀ ਕਾਂਗਰਸ ਪਹਿਲਾਂ ਹੀ ਭਾਜਪਾ ‘ਚ ਜਾ ਚੁੱਕੀ ਹੈ। ਉਨ੍ਹਾਂ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੁਣ ਭਾਜਪਾ ਦੇ ਪੰਜਾਬ ਪ੍ਰਧਾਨ ਹਨ, ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਹਨ ਅਤੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਵੱਲੋਂ ਲੁਧਿਆਣਾ ਲੋਕ ਸਭਾ ਤੋਂ ਚੋਣ ਲੜ ਰਹੇ ਹਨ।
ਹਰਪਾਲ ਚੀਮਾ ਨੇ ‘ਆਪ’ ਪੰਜਾਬ ਵਿਚ ਲੀਡਰਸ਼ਿਪ ਸੰਕਟ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਹਾਂ। ਸਾਡੇ ਵਿਧਾਇਕ ਅਤੇ ਮੰਤਰੀ ਜ਼ਮੀਨ ‘ਤੇ ਕੰਮ ਕਰਦੇ ਹਨ। ਸਾਡੇ ਮੁੱਖ ਮੰਤਰੀ ਪੰਜਾਬ, ਹਰਿਆਣਾ, ਗੁਜਰਾਤ ਅਤੇ ਅਸਾਮ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਸਾਨੂੰ ਨੂੰ ਹਰ ਪਾਸੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹਰਪਾਲ ਚੀਮਾ ਨੇ ‘ਆਪ’ ਦੇ ਸਮਰਥਕਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਿਸੇ ਵੀ ਝੂਠੇ ਬਿਆਨ ‘ਚ ਨਾ ਆਉਣ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਭਾਜਪਾ ਦੇ ਇਸ ਏਜੰਟ ਨੂੰ ਆਪਣੀ ਪਾਰਟੀ ‘ਚੋਂ ਬਾਹਰ ਕੱਢਣਾ ਚਾਹੀਦਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਦੇ ਅਜਿਹੇ ਬਿਆਨਾਂ ਦਾ ਕਾਰਨ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਕਦੇ ਵੀ ਇਕਸੁਰਤਾ ਨਹੀਂ ਰਹੀ ਅਤੇ ਉਹ ਲੋਕਾਂ ਦਾ ਭਰੋਸਾ ਗੁਆ ਚੁੱਕੇ ਹਨ।

Leave a Reply

Your email address will not be published. Required fields are marked *