ਛੱਤੀਸਗੜ੍ਹ 17 ਮਾਰਚ (ਖਬ਼ਰ ਖਾਸ ਬਿਊਰੋ)
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇਕ ਕਾਂਸਟੇਬਲ ਨੇ ਇਕ ਏਐਸਆਈ ਨੂੰ ਗੋਲੀ ਮਾਰ ਦਿਤੀ।
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਤਾਇਨਾਤ ਇਕ ਕਾਂਸਟੇਬਲ ਨੇ ਅਪਣੇ ਹੀ ਸੀਨੀਅਰ ਅਧਿਕਾਰੀ, ਏਐਸਆਈ ਨੂੰ ਗੋਲੀ ਮਾਰ ਦਿਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਸ਼ਹਿਰ ਵਿਚ ਹਲਚਲ ਮਚਾ ਦਿਤੀ ਹੈ। ਫਿਲਹਾਲ ਮੁਲਜ਼ਮ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਪੂਰਾ ਮਾਮਲਾ ਖਰੋੜਾ ਥਾਣਾ ਖੇਤਰ ਦਾ ਹੈ।
ਜਾਣਕਾਰੀ ਅਨੁਸਾਰ, ਰਾਏਪੁਰ ਦੇ ਨਾਲ ਲੱਗਦੇ ਖਰੋਰਾ ਪਿੰਡ ਦੇ ਮੁਦੀਪਰ ਵਿਖੇ ਸਥਿਤ ਆਈਟੀਬੀਪੀ ਕੈਂਪ ਵਿਚ ਤਾਇਨਾਤ ਇਕ ਕਾਂਸਟੇਬਲ ਨੇ ਏਐਸਆਈ ਨੂੰ ਗੋਲੀ ਮਾਰ ਦਿਤੀ। ਦਸਿਆ ਜਾ ਰਿਹਾ ਹੈ ਕਿ ਬਿਹਾਰ ਦੇ ਰਹਿਣ ਵਾਲੇ 32 ਸਾਲਾ ਕਾਂਸਟੇਬਲ ਸਰੋਜ ਕੁਮਾਰ ਨੇ ਹਰਿਆਣਾ ਦੇ ਰਹਿਣ ਵਾਲੇ 56 ਸਾਲਾ ਏਐਸਆਈ ਦਵੇਂਦਰ ਸਿੰਘ ਦਹੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਇਹ ਘਟਨਾ ਦੇਰ ਰਾਤ ਵਾਪਰੀ ਜਦੋਂ ਕਾਂਸਟੇਬਲ ਅਤੇ ਏਐਸਆਈ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।
ਝਗੜਾ ਇੰਨਾ ਵੱਧ ਗਿਆ ਕਿ ਦੋਸ਼ੀ ਨੇ ਅਪਣੀ ਸਰਵਿਸ ਰਿਵਾਲਵਰ ਨਾਲ ਏਐਸਆਈ ‘ਤੇ ਗੋਲੀ ਚਲਾ ਦਿਤੀ। ਗੋਲੀ ਲੱਗਣ ਤੋਂ ਬਾਅਦ ਏਐਸਆਈ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁਲਜ਼ਮ ਸਿਪਾਹੀ ਸਰੋਜ ਕੁਮਾਰ ਨੂੰ ਕੈਂਪ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।