ਚੰਡੀਗੜ੍ਹ, 28 ਫਰਵਰੀ (ਖ਼ਬਰ ਖਾਸ ਬਿਊਰੋ)
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਫਰਵਰੀ ਮਹੀਨੇ ਦੀ ਤਨਖਾਹ ਪੁਰਾਣੇ ਚਲਣ ਅਨੁਸਾਰ ਈ ਹਸਤਾਖਰਾਂ ਰਾਹੀਂ ਜਾਰੀ ਕੀਤੇ ਜਾਣ ਦੀ ਮੰਗ ਨੂੰ ਮੰਨਦਿਆਂ ਪੰਜਾਬ ਦੇ ਵਿੱਤ ਵਿਭਾਗ ਨੇ ਫਰਵਰੀ ਮਹੀਨੇ ਦੀ ਤਨਖਾਹ ਦੇ ਬਿੱਲ ਲੈਣ ਲਈ ਖਜ਼ਾਨਾ ਦਫਤਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਫਰਵਰੀ ਮਹੀਨੇ ਦੀ ਤਨਖਾਹ ਈ ਹਸਤਾਖਰਾਂ ਹੇਠ ਜਾਰੀ ਕੀਤੇ ਜਾਣ ਦੀ ਮੰਗ ਮੰਨੇ ਜਾਣ ਨਾਲ ਇਹ ਤਨਖਾਹ ਮਾਰਚ ਮਹੀਨੇ ਦੇ ਪਹਿਲੇ ਹਫਤੇ ਅੰਦਰ ਜਾਰੀ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।
ਵਿੱਤ ਵਿਭਾਗ ਨੇ ਪੱਤਰ ਜਾਰੀ ਕਰਕੇ ਜ਼ਿਲ੍ਹਾ ਖਜ਼ਾਨਾ ਦਫਤਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਡਿਜੀਟਲ ਹਸਤਾਖਰਾਂ ਹੇਠ ਬਿੱਲ ਮਾਰਚ ਮਹੀਨੇ ਦੀ ਤਨਖਾਹ ਲਈ ਲਾਜ਼ਮੀ ਹੋਣਗੇ, ਸਮੂਹ ਡੀ ਡੀ ਓ ਇਹ ਯਕੀਨੀ ਬਣਾਉਣਗੇ ਕਿ 15 ਮਾਰਚ ਤੱਕ ਡਿਜੀਟਲ ਸਿਗਨੇਚਰ ਸਰਟੀਫਿਕੇਟ ਜਾਰੀ ਕਰਵਾ ਲੈਣ ਤਾਂ ਜੋ ਮਾਰਚ ਮਹੀਨੇ ਦੀਆਂ ਅਪ੍ਰੈਲ ਵਿੱਚ ਮਿਲਣ ਵਾਲੀਆਂ ਤਨਖਾਹਾਂ ਸਮੇਂ ਸਿਰ ਮਿਲ ਸਕਣ।