ਚੰਡੀਗੜ੍ਹ ,20 ਫਰਵਰੀ (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਸਮੂਹ ਵਿਭਾਗਾਂ ਦੇ ਡੀ ਡੀ ਓਜ਼ ਦੇ ਹਸਤਾਖਰ ਡਿਜੀਟਲ ਕਰਨ ਦੇ ਹੁਕਮਾਂ ਦੇ ਚੱਲਦੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੀ ਫਰਵਰੀ ਮਹੀਨੇ ਦੀ ਤਨਖ਼ਾਹ ਲਟਕਦੀ ਤੈ ਨਜ਼ਰ ਆ ਰਹੀ ਹੈ। ਸਰਕਾਰ ਹਮੇਸ਼ਾਂ ਆਨੇ ਬਹਾਨੇ ਮੁਲਾਜ਼ਮਾਂ ਦੀ ਤਨਖਾਹ ਰੋਕ ਕੇ ਆਪਣੇ ਖਜ਼ਾਨੇ ਨੂੰ ਕੁਝ ਸਾਹ ਦਿਵਾਉਣ ਦਾ ਰਵਾਇਤੀ ਓਟ ਆਸਰਾ ਭਾਲਦੀ ਰਹਿੰਦੀ ਹੈ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਪ੍ਰੈਸ ਸਕੱਤਰ ਧਰਮਿੰਦਰ ਸਿੰਘ ਭੰਗੂ ਰਾਹੀਂ ਜਾਰੀ ਬਿਆਨ ਰਾਹੀਂ ਦੱਸਿਆ ਕਿ ਫਰਵਰੀ ਦਾ ਮਹੀਨਾ ਸਮੂਹ ਮੁਲਾਜ਼ਮਾਂ ਲਈ ਵਿੱਤੀ ਪੱਖ ਤੋਂ ਅਤਿ ਅਹਿਮ ਹੁੰਦਾ ਹੈ, ਕਿਉਂਕਿ ਇਸ ਮਹੀਨੇ ਅੰਦਰ ਸਮੂਹ ਮੁਲਾਜ਼ਮਾਂ ਨੇ ਆਪਣੇ ਆਮਦਨ ਕਰ ਦੀ ਅੰਤਿਮ ਬਕਾਇਦਾ ਰਾਸ਼ੀ ਜਮ੍ਹਾਂ ਕਰਵਾਉਣੀ ਹੁੰਦੀ ਹੈ

ਜੇਕਰ ਸਰਕਾਰ ਵੱਲੋਂ ਡੀ ਡੀ ਓਜ਼ ਦੇ ਹਸਤਾਖਰ ਡਿਜੀਟਲ ਕਰਵਾਉਣੇ ਹਨ, ਤਾਂ ਇਹ ਕੰਮ ਵਿੱਤੀ ਵਰ੍ਹੇ ਦੇ ਸ਼ੁਰੁਆਤੀ ਦਿਨਾਂ ਵਿੱਚ ਹੋਣਾ ਚਾਹੀਦਾ ਹੈ। ਕਿਉਂਕਿ ਇਹ ਇੱਕ ਜਟਿਲ ਪ੍ਰਕਿਰਿਆ ਹੈ,ਜਿਸ ਅਧੀਨ ਹਰੇਕ ਡੀ ਡੀ ਓ ਪੱਧਰ ਤੇ ਲੰਮੀ ਕਾਗਜ਼ੀ ਕਾਰਵਾਈ ਕਰਕੇ ਸਬੰਧਤ ਡਿਜੀਟਲ ਕੰਪਨੀ ਦੇ ਚੰਡੀਗੜ੍ਹ ਸਥਿਤ ਹੈਡਕੁਆਰਟਰ ਤੋਂ ਸਾਫਟਵੇਅਰ ਅੱਪਡੇਟ ਕਰਵਾ ਕੇ ਕੰਪਿਊਟਰ ਡੌਂਗਲ ਜਾਰੀ ਕਰਵਾਉਣੀ ਹੁੰਦੀ ਹੈ। ਵਿੱਤੀ ਵਰ੍ਹੇ ਦੇ ਅਖੀਰ ਤੇ ਇਹ ਪ੍ਰਕਿਰਿਆ ਸ਼ੁਰੂ ਕਰਕੇ ਜਿੱਥੇ ਸਮੂਹ ਮੁਲਾਜ਼ਮਾਂ ਨੂੰ ਗੰਭੀਰ ਵਿੱਤੀ ਉਲਝਣ ਵੱਲ ਧੱਕਿਆ ਜਾ ਰਿਹਾ ਹੈ, ਉੱਥੇ ਕਾਹਲ ਦੇ ਚੱਲਦੇ ਭ੍ਰਿਸ਼ਟ ਅਨੁਸਾਰਾਂ ਵੱਲੋਂ ਮੁਲਾਜ਼ਮਾਂ ਦੀ ਲੁੱਟ ਦੇ ਮੌਕੇ ਵੀ ਆਪ ਮੁਹਾਰੇ ਪੈਦਾ ਹੋ ਰਹੇ ਹਨ।
ਅਧਿਆਪਕ ਆਗੂਆਂ ਨੇ ਵਿੱਤ ਵਿਭਾਗ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਜ਼ਮੀਨੀ ਹਕੀਕਤਾਂ ਵੇਖਦੇ ਹੋਏ ਫਰਵਰੀ ਮਹੀਨੇ ਦੀ ਤਨਖਾਹ ਚੱਲਦੇ ਸਿਸਟਮ ਅਧੀਨ ਹੀ ਜਾਰੀ ਕੀਤੀ ਜਾਵੇ ਤੇ ਲੋੜੀਂਦੀ ਬਣਦੀ ਸੋਧ ਨਵੇਂ ਵਿੱਤੀ ਵਰ੍ਹੇ ਵਿਚ ਕਰਵਾ ਲਈ ਜਾਵੇ। ਅਧਿਆਪਕ ਆਗੂਆਂ ਨੇ ਸਪੱਸ਼ਟ ਕਿਹਾ ਜੇਕਰ ਸਰਕਾਰ ਨੇ ਇਹ ਫ਼ੈਸਲਾ ਫੌਰੀ ਤੌਰ ਤੇ ਨਾ ਬਦਲਿਆ ਤਾਂ ਪੰਜਾਬ ਦੇ ਮੁਲਾਜ਼ਮ ਇਸਨੂੰ ਤਨਖਾਹਾਂ ਮਿੱਥਕੇ ਰੋਕਣ ਦੇ ਰਵਾਇਤੀ ਤਰੀਕੇ ਵੱਜੋਂ ਹੀ ਵੇਖਣਗੇ। ਇਸ ਮੌਕੇ ਕੁਲਬੀਰ ਸਿੰਘ ਕੰਧੋਲਾ, ਅਵਨੀਤ ਚੱਢਾ ,ਗੁਰਪ੍ਰੀਤ ਹੀਰਾ ,ਗੁਰਚਰਨ ਆਲੋਵਾਲ , ਅਵਤਾਰ ਸਿੰਘ ਜਵੰਦਾ,ਕੁਲਦੀਪ ਸਿੰਘ ਗਿੱਲ, ਦਵਿੰਦਰ ਸਿੰਘ ਸਮਾਣਾ, ਗੁਰਦੀਪ ਸਿੰਘ ਖਾਬੜਾ, ਰੂਪ ਚੰਦ ,ਦਵਿੰਦਰ ਸਿੰਘ ਚਨੌਲੀ, ਸੁਰਿੰਦਰ ਸਿੰਘ ਚੱਕ ਢੇਰਾਂ ,ਇਕਬਾਲ ਸਿੰਘ ਹਾਫਿਜਾਬਾਦ, ਸੰਜੀਵ ਕੁਮਾਰ ਮੋਠਾਪੁਰ ,ਅਸ਼ੋਕ ਕੁਮਾਰ ਨੂਰਪੁਰ ਬੇਦੀ, ਵਿਕਾਸ ਸੋਨੀ ਅਨੰਦਪੁਰ ਸਾਹਿਬ ,ਅੰਮ੍ਰਿਤ ਸੈਣੀ ਨੰਗਲ, ਜਗਦੀਪ ਸਿੰਘ ਝੱਲੀਆਂ ਆਦਿ ਅਧਿਆਪਕ ਆਗੂ ਵੀ ਉਹਨਾਂ ਦੇ ਨਾਲ ਸਨ।