ਅੰਮ੍ਰਿਤਸਰ 27 ਜਨਵਰੀ (ਖ਼ਬਰ ਖਾਸ ਬਿਊਰੋ)
ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਸਿਫ਼ਤੀ ਦੇ ਘਰ ਅੰਮ੍ਰਿਤਰ ਵਿਚ ਹਾਈ ਵੋਲਟੇਜ਼ ਡਰਾਮਾ ਹੋਇਆ। ਭਾਰੀ ਪੁਲਿਸ ਬਲ ਦੀ ਨਿਗਰਾਨੀ ਹੇਠ ਅੱਜ ਤਿੰਨ ਅਹੁੱਦਿਆ ਤੇ ਚੋਣ ਹੋ ਗਈ ਹੈ। ਜਦਕਿ ਕਾਂਗਰਸ, ਭਾਜਪਾ ਦੇ ਕੌਂਸਲਰਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ। ਵੱਡੀ ਜ੍ਦੋਜਹਿਦ ਬਾਅਦ ਪੁਲਿਸ ਨੇ ਕਾਂਗਰਸੀ ਕੌਂਸਲਰਾਂ ਨੂੰ ਅੰਦਰ ਜਾਣ ਦਿੱਤਾ। ਇਸ ਮੌਕੇ ਕਾਂਗਰਸ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਮ ਆਦਮੀ ਪਾਰਟੀ ‘ਤੇ ਸੱਤਾ ਦੀ ਦੁਰਵਰਤੋਂ ਦਾ ਦੋਸ ਲਾਉਂਦੇ ਹੋਏ ਲੋਕਤੰਤਰ ਦੀ ਹੱਤਿਆ ਕਰਨ ਦੀ ਗੱਲ ਕਹੀ। ਵੜਿੰਗ ਨੇ ਕਿਹਾ ਆਮ ਆਦਮੀ ਪਾਰਟੀ ਨੇ ਸੱਤਾ ਦੀ ਦੁਰਵਰਤੋ ਕਰਦਿਆਂ ਸਾਰੇ ਨਿਯਮ ਤੋੜ ਦਿੱਤੇ ਹਨ। ਕਾਂਗਰਸੀ ਕੌਂਸਲਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਇਹ ਲੋਕਤੰਤਰ ਦਾ ਕਤਲ ਹੈ।

ਵੜਿੰਗ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕਮਿਸ਼ਨਰ ਨੇ ਜਾਣਬੁੱਝ ਕੇ ਕਾਂਗਰਸੀ ਕੌਂਸਲਰਾਂ ਨੂੰ ਚੋਣ ਮੀਟਿੰਗ ਵਿਚ ਦਾਖਲ ਹੋਣ ਤੋਂ ਰੋਕਿਆ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਕੋਲ ਬਹੁਮਤ ਹੋਣ ਦੇ ਬਾਵਜੂਦ ਪੁਲਿਸ ਨੇ ਸਰਕਾਰ ਲਈ ਔਜ਼ਾਰ ਦੇ ਰੂਪ ਵਿਚ ਕੰਮ ਕੀਤਾ। ਪੁਲਿਸ ਨੇ ਕਾਂਗਰਸੀ ਕੌਂਸਲਰਾਂ ਵਿਰੁੱਧ ਹਮਲਾਵਰ ਕਾਰਵਾਈ ਕੀਤੀ। ਪੁਲਿਸ ਨੇ ਜਾਣਬੁੱਝ ਕੇ ਸਾਡੇ ਮੈਂਬਰਾਂ ਨੂੰ ਦਾਖਲ ਹੋਣ ਤੋਂ ਰੋਕਦੇ ਰਹੇ । ਉਹਨਾਂ ਕਿਹਾ ਕਿ ਆਪ ਨੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ।
ਵੜਿੰਗ ਨੇ ਕਿਹਾ ਕਿ ‘ਆਪ’ ਨੇ ਸਹੀ ਵੋਟਿੰਗ ਪ੍ਰਕਿਰਿਆ ਕੀਤੇ ਬਿਨਾਂ ਮੇਅਰ ਦਾ ਐਲਾਨ ਕੀਤਾ ਸੀ, ਇਸਨੂੰ ਸਪੱਸ਼ਟ ਤੌਰ ‘ਤੇ “ਲੋਕਤੰਤਰ ਦਾ ਕਤਲ” ਕਿਹਾ ਜਾ ਸਕਦਾ ਹੈ। ਵੜਿੰਗ ਨੇ ਕਿਹਾ, “ਇਹ ਲੋਕਤੰਤਰੀ ਪ੍ਰਕਿਰਿਆ ਦਾ ਸਿੱਧਾ ਅਪਮਾਨ ਹੈ। ‘ਆਪ’ ਨੇ ਆਪਣੇ ਲਈ ਇੱਕ ਬੇਇਨਸਾਫ਼ੀ ਵਾਲੀ ਜਿੱਤ ਪ੍ਰਾਪਤ ਕਰਨ ਲਈ ਇੱਕ ਨਿਰਪੱਖ ਚੋਣ ਨੂੰ ਪੂਰੀ ਤਰ੍ਹਾਂ ਬਾਈਪਾਸ ਕੀਤਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਤੰਤਰ ਦੀ ਰੱਖਿਆ ਲਈ ਲੜਾਈ ਕੀਤੀ ਹੈ ਅਤੇ ਇਸ ਬੇਇਨਸਾਫ਼ੀ ਵਿਰੁੱਧ ਆਪਣੇ ਸਾਥੀਆਂ ਨਾਲ ਦ੍ਰਿੜਤਾ ਨਾਲ ਖੜ੍ਹੇ ਹਾਂ। ਅਸੀਂ ਲੋਕਤੰਤਰ ਦਾ ਗਲਾ ਘੁੱਟਣ ਨਹੀਂ ਦੇਵਾਂਗੇ। ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਸੀ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇੱਕ ਨਵੀਂ ਅਤੇ ਨਿਰਪੱਖ ਚੋਣ ਕਰਵਾਈ ਜਾਵੇ।ਵੜਿੰਗ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦਾ ਵਿਰੋਧ ਅੰਮ੍ਰਿਤਸਰ ਸਾਹਿਬ ਵਿੱਚ ਜਾਰੀ ਰਹੇਗਾ। ਇਸ ਮੌਕੇ ਸਾਬਕਾ ਮੰਤਰੀ ਓ.ਪੀ. ਸੋਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਇੰਦਰਬੀਰ ਸਿੰਘ ਬੁਲਾਰੀਆ, ਰਾਜ ਕੁਮਾਰ ਵੇਰਕਾ, ਕੈਪਟਨ ਸੰਦੀਪ ਸੰਧੂ, ਅਸ਼ਵਨੀ ਪੱਪੂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਹਾਜ਼ਰ ਸਨ।