ਹਰਮਿੰਦਰ ਸਾਹਿਬ ਵਿਖੇ ਨਹੀਂ ਹੋਵੇਗੀ ਆਤਿਸ਼ਬਾਜੀ, ਜਾਣੋ ਕਿਉਂ

ਅੰਮ੍ਰਿਤਸਰ ਸਾਹਿਬ, 1 ਨਵੰਬਰ (ਖ਼ਬਰ ਖਾਸ ਬਿਊਰੋ)

ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ। ਇਹ ਗੱਲ ਸਾਰੇ ਬਚਪਨ ਤੋਂ ਸ਼ੁਣਦੇ  ਆ ਰਹੇ ਹਨ। ਬੰਦੀ ਛੋਡ ਦਿਵਸ ਤੇ ਦੀਵਾਲੀ ਮੌਕੇ ਹਰਮਿੰਦਰ ਸਾਹਿਬ ਵਿਖੇ ਹੋਣ ਵਾਲੀ ਮਨਮੋਹਕ ਲਾਈਟਿੰਗ ਅਤੇ ਆਤਿਸ਼ਬਾਜ਼ੀ ਦਾ ਵੱਖਰਾ ਹੀ ਰੰਗ ਹੁੰਦਾ ਹੈ, ਪਰ ਇਸ ਵਾਰ ਦੇਸ਼ ਵਿਦੇਸ਼ ਵਿਚ ਵੱਸਦੀ ਸੰਗਤ ਨੂੰ ਦਰਬਾਰ ਸਾਹਿਬ ਵਿਖੇ ਹੋਣ ਵਾਲੀ ਆਤਿਸ਼ਬਾਜ਼ੀ ਅਤੇ ਰੰਗ ਬਿਰੰਗੀਆਂ ਸਜ਼ਾਵਟੀ ਲਾਈਟਾਂ ਨਹੀਂ ਦਿੱਖਣੀਆਂ।

ਸ਼ੁੱਕਰਵਾਰ ਨੂੰ ਬੰਦੀ ਛੋਡ ਦਿਵਸ ਤੇ ਦੀਵਾਲੀ ਮੌਕੇ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ ਹੈ। ਸੱਚਖੰਡ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਸੰਗਤ ਦੀ ਅੰਮ੍ਰਿਤ ਵੇਲੇ ਤੋਂ ਹੀ ਲੰਬੀਆਂ ਕਤਾਰਾਂ  ਲੱਗੀਆਂ ਹੋਈਆਂ ਹਨ। ਅੰਮ੍ਰਿਤ ਵੇਲ਼ੇ ਤੋਂ ਹੀ ਗੁਰਬਾਣੀ ਦਾ ਸਿਮਰਨ ਹੋ ਰਿਹਾ ਹੈ। ਹਰੇਕ ਸਾਲ ਦੀਵਾਲੀ, ਬੰਦੀ ਛੋਡ ਦਿਵਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੀ ਹੈ। ਅੰਮ੍ਰਤਿਸਰ ਦੀ ਦੀਵਾਲੀ ਦਾ ਆਪਣਾ ਹੀ ਰੰਗ ਹੁੰਦਾ ਹੈ।

ਇਸ ਵਾਰ ਦੀਵਾਲੀ ਤੇ ਬੰਦੀ ਛੋਡ ਦਿਵਸ ਦੀ ਤਾਰੀਖ ਇਕ ਨਵੰਬਰ ਹੋਣ ਕਰਕੇ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 1984 ਵਿਖੇ ਹੋਏ ਦਿੱਲੀ ਦੰਗਿਆਂ ਦੀ 40ਵੀਂ ਵਰ੍ਹੇਗੰਢ ਕਾਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਨਹੀਂ ਹੋਵੇਗੀ। ਸੰਗਤ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਘਿਓ ਦੇ ਦੀਪ (ਦੀਵੇ) ਜਗਾ ਸਕੇਗੀ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਬੰਦੀ ਛੋਡ ਦਿਵਸ ਦੇ ਸਬੰਧ ਵਿਚ ਪਿਛਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਸੀ ਕਿ ਇੱਕ ਨਵੰਬਰ 1984 ਨੂੰ ਦਿੱਲੀ ਵਿਖੇ ਸਿੱਖਾਂ ਦੀ ਮਿੱਥਕੇ  ਨਸਲਕੁਸ਼ੀ ਕੀਤੀ ਗਈ। ਸਿੱਖ ਨਸ਼ਲਕੁਸ਼ੀ ਦੇ 40 ਸਾਲ ਪੂਰੇ ਹੋਣ ਕਾਰਨ ਸਿੱਖ ਕੌਮ ਇਕ ਨਵੰਬਰ ਨੂੰ ਬੰਦੀ ਛੋੜ ਦਿਵਸ ਮੌਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਈ ਕੇਵਲ ਘਿਓ ਦੇ ਦੀਪ (ਦੀਵੇ) ਜਗਾਏ ਜਾਣ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਬੰਦੀਛੋੜ ਦਿਵਸ ਮੌਕੇ ਸਿਰਫ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਬਿਜਲਈ ਸਜਾਵਟ ਕੀਤੀ ਜਾਵੇਗੀ।

ਜਥੇਦਾਰ ਸਾਹਿਬ ਨੇ ਕਿਹਾ ਕਿ  1 ਨਵੰਬਰ 1984 ਨੂੰ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ 110 ਸ਼ਹਿਰਾਂ ਵਿਚ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸਮੇਂ ਦੀ ਹਕੂਮਤ ਦੀ ਸਰਪ੍ਰਸਤੀ ਹੇਠ ਸਿੱਖਾਂ ਦਾ ਬੇਰਹਿਮੀ ਦੇ ਨਾਲ ਕਤਲੇਆਮ ਕੀਤਾ ਗਿਆ ਸੀ, ਜੋ ਸਿੱਖ ਨਸਲਕੁਸ਼ੀ ਸੀ। ਉਨ੍ਹਾਂ ਕਿਹਾ ਕਿ 1 ਨਵੰਬਰ 2024 ਨੂੰ ਸਿੱਖ ਨਸਲਕੁਸ਼ੀ ਦੇ 40 ਵਰ੍ਹੇ ਹੋਣ ਜਾ ਰਹੇ ਹਨ। ਪਿਛਲੇ 40 ਸਾਲਾਂ ਦੌਰਾਨ ਸਿੱਖਾਂ ਨੇ ਭਾਰਤੀ ਹਕੂਮਤ ਦੀ ਸਰਪ੍ਰਸਤੀ ਹੇਠ ਹੋਏ ਆਪਣੇ ਨਰਸੰਹਾਰ ਦੇ ਬਹੁਪੱਖੀ ਪ੍ਰਭਾਵਾਂ ਵਿਚੋਂ ਉਭਰਦਿਆਂ ਆਪਣੇ ਕੌਮੀ ਬਿਰਤਾਂਤ ਨੂੰ ਮੁੜ ਸਥਾਪਿਤ ਕਰਨ ਲਈ ਜਿਹੜਾ ਸੰਘਰਸ਼ਸ਼ੀਲ ਪੈਂਡਾ ਤੈਅ ਕੀਤਾ ਹੈ, ਉਹ ਵੀ ਅਦੁੱਤੀ ਅਤੇ ਲਾ-ਮਿਸਾਲ ਹੈ।ਜਥੇਦਾਰ ਸਾਹਿਬ ਨੇ ਕਿਹਾ ਕਿ ਨਵੰਬਰ ‘84 ਇਕ ਐਸਾ ਨਾਸੂਰ ਹੈ ਜੋ ਰਹਿੰਦੀ ਦੁਨੀਆਂ ਤੱਕ ਸਿੱਖ ਮਾਨਸਿਕਤਾ ਵਿਚ ਤਾਜ਼ਾ ਰਹੇਗਾ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਵਰਨਣਯੋਗ ਹੈ ਕਿ ਬੰਦੀ ਛੋਡ ਦਿਵਸ ਦਾ ਸਬੰਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਹੈ। ਸਿੱਖ ਇਤਿਹਾਸ ਮੁਤਾਬਿਕ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਵੱਖ ਵੱਖ ਰਿਆਸਤਾਂ ਦੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਹੋਇਆ ਸੀ। ਜਹਾਂਗੀਰ ਦੀ ਕੈਦ ਵਿਚ ਹੋਣ ਕਰਕੇ ਵੱਖ ਵੱਖ ਸਿਆਸਤਾਂ ਦੇ ਰਾਜੇ ਘੋਰ ਨਿਰਾਸ਼ਾ ਵਿਚ ਜਾ ਚੁੱਕੇ ਸਨ, ਕਿਉਂਕਿ ਉਹ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਚੁੱਕੇ ਸਨ।  ਗੁਰੂ ਸਾਹਿਬ ਦੀ ਸੰਗਤ ਦਾ ਇਹਨਾਂ ਰਾਜਿਆਂ ਦੇ ਮਨਾਂ ’ਤੇ ਬਹੁਤ ਡੂੰਘਾ ਅਸਰ ਪਿਆ। ਗੁਰੂ ਸਾਹਿਬ ਨੂੰ ਕਿਲ੍ਹੇ ਵਿਚ ਬੰਦੀ ਬਣਾਉਣ ਕਰਕੇ ਸਿੱਖ ਸੰਗਤ ਦੇ ਮਨ ਵਿਚ ਵੀ ਜਹਾਂਗੀਰ ਪ੍ਰਤੀ ਭਾਰੀ ਰੋਸ ਸੀ । ਸਿੱਖਾਂ ਦੇ ਰੋਹ ਤੇ ਰੋਸ ਨੂੰ ਦੇਖਦੇ ਹੋਏ ਜਹਾਂਗੀਰ ਨੇ  ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ ਪਰ ਗੁਰੂ ਸਾਹਿਬ ਨੇ ਬੇਗੁਨਾਹ ਰਾਜਿਆਂ ਨੂੰ ਵੀ ਰਿਹਾਅ ਨਾ ਕਰਨ ਤੱਕ ਬਾਹਰ ਨਾ ਆਉਣ ਦਾ ਹੁਕਮ ਦਿੱਤਾ। ਇਸ ਤਰਾਂ ਜਹਾਂਗੀਰ ਨੇ ਗੁਰੂ ਜੀ ਨੂੰ ਕਿਹਾ ਕਿ ਉਹ (ਗੁਰੂ ਸਾਹਿਬ) ਜਿੰਨੇ ਰਾਜੇ ਆਪਣੇ ਨਾਲ ਲਿਜਾ ਸਕਦੇ ਹਨ, ਲੈ ਜਾਣ। ਗੁਰੂ ਜੀ ਨੇ ਆਪਣੇ ਚੋਲੇ਼ ਦੀਆਂ 52 ਕੰਨੀਆਂ ਨਾਲ ਇਹਨਾਂ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ। ਗੁਰੂ ਜੀ ਰਾਜਿਆਂ ਨੂੰ ਰਿਹਾਅ ਕਰਵਾਉਣ ਬਾਅਦ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸਨ। ਗੁਰੂ ਜੀ ਦੀ ਆਮਦ  ’ਤੇ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਖ਼ੁਸ਼ੀ ਮਨਾਈ ਸੀ। ਇਹ ਪਰੰਪਰਾ ਅੱਜ ਵੀ  ਜਾਰੀ ਹੈ। ਸਿੱਖ ਸੰਗਤ ਗੁਰਦੁਆਰਿਆਂ ਵਿਚ ਦੀਪ ਜਗਾਉਂਦੀ ਹੈ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

Leave a Reply

Your email address will not be published. Required fields are marked *