ਚੰਡੀਗੜ੍ਹ 9 ਅਗਸਤ (ਖ਼ਬਰ ਖਾਸ ਬਿਊਰੋ)
ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਮੁਨੀਸ ਤਿਵਾੜੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਤਿਵਾੜੀ ਹੱਥੋਂ ਮਾਤ ਖਾਣ ਵਾਲੇ ਭਾਜਪਾ ਦੇ ਉਮੀਦਵਾਰ ਸੰਜੈ ਟੰਡਨ ਨੇ ਉਨਾਂ ਦੀ ਚੋਣ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ। ਟੰਡਨ ਨੇ ਤਿਵਾੜੀ ਉਤੇ ਚੋਣ ਜਿੱਤਣ ਲਈ ਭ੍ਰਿਸ਼ਟ ਹਥਕੰਡੇ ਵਰਤਣ ਦਾ ਦੋਸ਼ ਲਾਇਆ ਹੈ। ਤਿਵਾੜੀ ਸਿਰਫ਼ 2,504 ਵੋਟਾਂ ਦੇ ਮਾਮੂਲੀ ਫਰਕ ਨਾਲ ਚੋਣ ਜਿੱਤੇ ਸਨ। ਦਿਲਚਸਪ ਗੱਲ ਇਹ ਹੈ ਕਿ ਉਨਾਂ ਦਾ ਨਤੀਜ਼ਾ ਕਾਫ਼ੀ ਦੇਰ ਬਾਅਦ ਘੋਸ਼ਿਤ ਕੀਤਾ ਗਿਆ ਸੀ ।
ਭਾਜਪਾ ਨੇਤਾ ਸੰਜੈ ਟੰਡਨ ਨੇ ਲੋਕ ਪ੍ਰਤੀਨਿਧਤਾ ਐਕਟ, 1951 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਾਇਰ ਪਟੀਸ਼ਨ ਵਿੱਚ ਮੁਨੀਸ਼ ਤਿਵਾੜੀ ‘ਤੇ ਚੋਣਾਂ ਦੌਰਾਨ ਭ੍ਰਿਸ਼ਟ ਪ੍ਰਥਾਵਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਪਟੀਸ਼ਨਰ ਨੇ ਕਿਹਾ ਹੈ ਕਿ ਤਿਵਾੜੀ ਨੂੰ ਰਿਟਰਨਿੰਗ ਅਫਸਰ (ਆਰਓ) ਨੇ ਅਜਿਹੀਆਂ ਗਤੀਵਿਧੀਆ ਲਈ ਤਾੜਨਾ ਕੀਤੀ ਸੀ।
ਪਟੀਸ਼ਨ ਵਿੱਚ ਤਿਵਾੜੀ ਦੀ ਚੋਣ ਰੱਦ ਕਰਨ ਅਤੇ ਸੰਜੇ ਟੰਡਨ ਨੂੰ ਲੋਕ ਸਭਾ ਵਿੱਚ ਚੰਡੀਗੜ੍ਹ ਤੋਂ ਸਹੀ ਢੰਗ ਨਾਲ ਚੁਣੇ ਗਏ ਸੰਸਦ ਮੈਂਬਰ ਐਲਾਨਣ ਦੀਆਂ ਹਦਾਇਤਾਂ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ‘ਚ ਤਿਵਾੜੀ ਦੇ ਨਾਲ-ਨਾਲ ਇੰਡੀਅਨ ਨੈਸ਼ਨਲ ਕਾਂਗਰਸ, ਆਮ ਆਦਮੀ ਪਾਰਟੀ (ਆਪ) ‘ਤੇ ਵਿੱਤੀ ਪ੍ਰੋਤਸਾਹਨ ਅਤੇ ਨੌਕਰੀਆਂ ਦੀ ਗਾਰੰਟੀ ਸਮੇਤ ਵੋਟਰਾਂ ਨੂੰ ਗੁੰਮਰਾਹ ਕਰਨ ਵਾਲੇ ਵਾਅਦੇ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਵੋਟਰਾਂ ਨੂੰ ਗੁੰਮਰਾਹ ਕਰਦੇ ਹੋਏ ਗਾਰੰਟੀ ਕਾਰਡ ਵੰਡੇ ਗਏ। ਉਨ੍ਹਾਂ ਨੂੰ ਹਰ ਮਹੀਨੇ 8500 ਰੁਪਏ, ਪੜ੍ਹੇ-ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੀ ਪਹਿਲੀ ਨੌਕਰੀ ‘ਤੇ 1 ਲੱਖ ਰੁਪਏ ਦੀ ਤਨਖਾਹ, ਕਿਸਾਨਾਂ ਨੂੰ ਐਮਐਸਪੀ ਅਤੇ ਕਰਜ਼ਾ ਦੇਵੇਗਾ ਹਰ ਔਰਤ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ, ਅਜਿਹੇ ਗਾਰੰਟੀ ਕਾਰਡ ਵੀ ਭਰੇ ਗਏ ਹਨ, ਜੋ ਕਿ ਤਿਵਾੜੀ ਦੀ ਚੋਣ ਨੂੰ ਅਯੋਗ ਕਰਾਰ ਦੇਣ ਦਾ ਆਧਾਰ ਹਨ।ਪਟੀਸ਼ਨਰ ਦਾ ਕਹਿਣਾ ਹੈ ਕਿ ਗਾਰੰਟੀ ਕਾਰਡ, ਚੋਣਾਂ ਤੋਂ ਬਾਅਦ ਦੀਆਂ ਸਕੀਮਾਂ ਲਈ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਰਜਿਸਟਰ ਕਰਨ ਦੀਆਂ ਕੋਸ਼ਿਸ਼ਾਂ ਦਾ ਮਕਸਦ ਵੋਟਰਾਂ ਨੂੰ ਗੁੰਮਰਾਹ ਕਰਨਾ ਹੈ। ਹਾਈਕੋਰਟ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ 9 ਸਤੰਬਰ ਨੂੰ ਤੈਅ ਕੀਤੀ ਹੈ।