ਨਵੀਂ ਦਿੱਲੀ, 25 ਜੂਨ (ਖ਼ਬਰ ਖਾਸ ਬਿਊਰੋ)
ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਨੂੰ ਲੈ ਕੇ ਹੁਕਮਰਾਨ ਅਤੇ ਵਿਰੋਧੀ ਧਿਰ ਵਿਚ ਕੋਈ ਸਹਿਮਤੀ ਨਾ ਬਣਨ ਕਾਰਨ ਭਾਜਪਾ ਅਤੇ ਕਾਂਗਰਸ ਨੇ ਚੋਣ ਦੇ ਮੱਦੇਨਜ਼ਰ ਵਿਪ ਜਾਰੀ ਕਰ ਦਿੱਤਾ ਹੈ।
ਐਨਡੀਏ ਵੱਲੋਂ ਓਮ ਬਿਰਲਾ ਅਤੇ ਵਿਰੋਧੀ ਗਠਜੋੜ ਵੱਲੋਂ ਕੇ ਸੁਰੇਸ਼ ਲੋਕ ਸਭਾ ਸਪੀਕਰ ਦੇ ਅਹੁੱਦੇ ਲਈ ਉਮੀਦਵਾਰ ਹਨ। ਭਾਰਤ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੈ,ਜਦੋਂ ਸਪੀਕਰ ਦੇ ਅਹੁਦੇ ਲਈ ਚੋਣ ਹੋਣ ਜਾ ਰਹੀ ਹੈ।
ਭਾਜਪਾ ਨੇ ਵਿੱਪ ਕੀਤਾ ਜਾਰੀ
ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ 26 ਜੂਨ ਨੂੰ ਲੋਕ ਸਭਾ ਵਿੱਚ ਆਪਣੇ ਸਾਰੇ ਮੈਂਬਰਾਂ ਨੂੰ ਵਿਪ ਜਾਰੀ ਕਰਕੇ ਸਦਨ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਕਾਂਗਰਸ ਨੇ ਵੀ ਕੀਤਾ ਵਿੱਪ ਜਾਰੀ
ਕਾਂਗਰਸ ਪਾਰਟੀ ਨੇ ਵੀ ਲੋਕ ਸਭਾ ਵਿੱਚ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਤਿੰਨ ਲਾਈਨਾਂ ਵਾਲਾ ਵਿਪ ਜਾਰੀ ਕਰਕੇ ਭਲਕੇ 26 ਜੂਨ ਨੂੰ ਸਦਨ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਭਲਕੇ ਲੋਕ ਸਭਾ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮੁੱਦਾ ਉਠਾਇਆ ਜਾਵੇਗਾ। ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਵੇਰੇ 11 ਵਜੇ ਤੋਂ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੱਕ ਸਦਨ ਵਿੱਚ ਹਾਜ਼ਰ ਰਹਿਣ। ਇਸ ਸੰਦੇਸ਼ ਨੂੰ ਬਹੁਤ ਮਹੱਤਵਪੂਰਨ ਸਮਝਿਆ ਜਾਣਾ ਚਾਹੀਦਾ ਹੈ।
ਸੱਤਾ ‘ਚ ਬੈਠੇ ਲੋਕਾਂ ਨੂੰ ਹੰਕਾਰੀ ਨਹੀਂ ਬਣਨ ਦਿਆਂਗਾ: ਚੰਦਰਸ਼ੇਖਰ ਆਜ਼ਾਦ
ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੇ ਕਿਹਾ, ‘ਅੱਜ ਮੈਂ ਸੰਸਦ ਦੇ ਅੰਦਰ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਅੱਜ ਵੀ ਸਾਡੇ ਲੋਕਾਂ ਨੂੰ ਬਣਦਾ ਮਾਣ-ਸਨਮਾਨ ਅਤੇ ਬੁਨਿਆਦੀ ਸਹੂਲਤਾਂ ਨਹੀਂ ਮਿਲੀਆਂ। ਨੌਕਰੀਆਂ ਕਿੱਥੇ ਹਨ? ਰੁਜ਼ਗਾਰ ਕਿੱਥੇ ਹੈ? ਸਰਕਾਰ ਨੂੰ ਜਵਾਬ ਦੇਣਾ ਪਵੇਗਾ। ਅਸੀਂ ਇੱਥੇ ਆਪਣੇ ਲੋਕਾਂ ਦੇ ਸਵੈ-ਮਾਣ ਅਤੇ ਅਧਿਕਾਰਾਂ ਦੀ ਰਾਖੀ ਲਈ ਆਏ ਹਾਂ । ਅਸੀਂ ਇੱਥੇ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਆਪਣੇ ਲੋਕਾਂ ਨੂੰ ਜਾਗਰੂਕ ਕਰਾੰਗੇ । ਅਸੀਂ ਸੱਤਾ ਵਿੱਚ ਬੈਠੇ ਲੋਕਾਂ ਨੂੰ ਹੰਕਾਰੀ ਨਾ ਹੋਣ ਲਈ ਮਜ਼ਬੂਰ ਕਰਾਂਗੇ।
ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ: ਇਮਰਾਨ ਪ੍ਰਤਾਪਗੜ੍ਹੀ
ਕਾਂਗਰਸੀ ਆਗੂ ਇਮਰਾਨ ਪ੍ਰਤਾਪਗੜ੍ਹੀ ਨੇ ਕਿਹਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਉਨਾਂ ਕਿਹਾ ਕਿ ਅੱਠ ਵਾਰ ਸੰਸਦ ਮੈਂਬਰ ਰਹੇ ਕੇ ਸੁਰੇਸ਼ ਨੂੰ ਪ੍ਰੋਟੇਮ ਸਪੀਕਰ ਨਹੀਂ ਬਣਾਇਆ ਗਿਆ। ਸਰਕਾਰ ਦੇ ਇਸ ਰਵੱਈਏ ਨੇ ਸਰਕਾਰ ਦਾ ਇੱਕ ਤਰ੍ਹਾਂ ਨਾਲ ਦਲਿਤ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਉਨਾਂ ਕਿਹਾ ਕਿ ਸੰਸਦ ਦੇ ਅੰਦਰ ਅਤੇ ਬਾਹਰ ਸੰਵਿਧਾਨ ਅਨੁਸਾਰ ਕੰਮ ਨਹੀਂ ਹੋ ਰਿਹਾ। ਉਨਾਂ ਕਿਹਾ ਕਿ ਸਮੁੱਚੀ ਵਿਰੋਧੀ ਧਿਰ ਦੇ ਰਵੱਈਏ ਨੂੰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਸੰਵਿਧਾਨ ਮੁਤਾਬਕ ਕੰਮ ਕਰਨਾ ਪਵੇਗਾ। ਹੁਣ ਤੁਸੀਂ ਆਪਣੀ ਮਰਜ਼ੀ ਨਾਲ ਦੇਸ਼ ਨਹੀਂ ਚਲਾ ਸਕੋਗੇ।