ਚੰਡੀਗੜ 17 ਜੂਨ (ਖ਼ਬਰ ਖਾਸ ਬਿਊਰੋ)
ਆਪ ਵਲੋਂ ਜਲੰਧਰ ਪੱਛਮੀ ਤੋਂ ਮੋਹਿੰਦਰ ਭਗਤ ਨੂੰ ਉਮੀਦਵਾਰ ਐਲਾਨਣ ਤੋਂ ਕੁੱਝ ਮਿੰਟਾਂ ਬਾਅਦ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਉਪ ਚੋਣ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਪੰਜਾਬ ਤੇ ਪੱਛਮੀ ਬੰਗਾਲ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵਿਚ ਸ਼ਾਮਲ ਹੋਏ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਉਤੇ ਦਾਅ ਖੇਡਿਆ ਹੈ। ਜਦਕਿ ਪੱਛਮੀ ਬੰਗਾਲ ਤੋਂ ਚਾਰ ਉਮੀਦਵਾਰ ਐਲਾਨੇ ਹਨ।
ਸ਼ੀਤਲ ਅੰਗੁਰਾਲ ਪਹਿਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਲੰਧਰ ਪੱਛਮੀ ਤੋਂ ਵਿਧਾਇਕ ਬਣੇ ਸਨ। ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਸੀ ਤਾਂ ਉਦੋਂ ਸ਼ੀਤਲ ਅੰਗੁਰਾਲ ਨੇ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ 4253 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਹੁਣ ਜਲੰਧਰ ਪੱਛਮੀ ਸੀਟ ਤੋਂ ਸਮੀਕਰਣ ਬਦਲ ਗਏ ਹਨ। ਰਿੰਕੂ ਅਤੇ ਅੰਗੁਰਾਲ ਦੋਵੇਂ ਇਕ ਪਾਰਟੀ , ਭਾਜਪਾ ਵਿਚ ਹਨ। ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁ੍ੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 44394 ਵੋਟਾਂ ਮਿਲੀਆਂ ਸਨ, ਜਦਕਿ ਉਨਾਂ ਦੇ ਵਿਰੋਧੀ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ 42837 ਵੋਟਾਂ ਮਿਲੀਆਂ। ਜਦਕਿ ਆਪ ਦੇ ਉਮੀਦਵਾਰ ਪਵਨ ਟੀਨੂੰ ਨੂੰ ਕੇਵਲ 28208 ਵੋਟਾਂ ਪ੍ਰਾਪਤ ਹੋਈਆਂ ਸਨ। ਹੁਣ ਜ਼ਿਮਨੀ ਚੋਣ ਵਿਚ ਨਤੀਜ਼ਿਆ ਜਲੰਧਰ ਪੱਛਮੀ ਦੇ ਵੋਟਰ ਕੀ ਉਲਟਫੇਰ ਕਰਨਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਅਤੀਤ ਵਿਚ ਇਸ ਸੀਟ ਤੋਂ ਕਾਂਗਰਸ ਅਤੇ ਭਾਜਪਾ ਜਿੱਤਦੀ ਰਹੀ ਹੈ, ਪਰ 2022 ਵਿਚ ਆਮ ਆਦਮੀ ਪਾਰਟੀ ਤੀਜ਼ੀ ਧਿਰ ਬਣਕੇ ਮੈਦਾਨ ਵਿਚ ਆਈ ਸੀ, ਤੇ ਪਹਿਲੀ ਵਾਰ ਇੱਥੋ ਆਪ ਦੇ ਸ਼ੀਤਲ ਅੰਗੁਰਾਲ ਚੋਣ ਜਿੱਤੇ ਸਨ।
ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ਵੇਲੇ ਸ਼ੀਤਲ ਅੰਗੁਰਾਲ ਨੇ ਆਪ ਨੰ ਅਲਵਿਦਾ ਕਹਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਸੀ।