ਆਪ ਨੇ 9,ਅਕਾਲੀ ਦਲ 7, ਕਾਂਗਰਸ ਤੇ ਭਾਜਪਾ ਨੇ ਛੇ-ਛੇ ਉਮੀਦਵਾਰ ਕੀਤੇ ਘੋਸ਼ਿਤ
ਚੰਡੀਗੜ੍ਹ 16 ਅਪਰੈਲ (ਖ਼ਬਰ ਖਾਸ ਬਿਊਰੋ)
ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਉਮੀਦਵਾਰਾਂ ਦੀ ਘਾਟ ਨਾਲ ਜੂਝ ਰਹੀਆਂ ਹਨ। ਹੁਣ ਤੱਕ ਕੋਈ ਵੀ ਸਿਆਸੀ ਪਾਰਟੀ ਤੇਰਾਂ ਸੀਟਾਂ ਲਈ ਆਪਣੇ ਪੂਰੇ ਉਮੀਦਵਾਰ ਨਹੀਂ ਐਲਾਨ ਸਕੀ। ਉਂਝ ਆਮ ਆਦਮੀ ਪਾਰਟੀ 9 ਹਲਕਿਆਂ ਲਈ ਉਮੀਦਵਾਰ ਐਲਾਨ ਕੇ ਫ਼ਿਲਹਾਲ ਅੱਵਲ ਚੱਲ ਰਹੀ ਹੈ, ਜਦਕਿ ਅਕਾਲੀ ਦਲ ਨੇ ਸੱਤ, ਕਾਂਗਰਸ ਅਤੇ ਭਾਜਪਾ ਨੇ ਛੇ-ਛੇ ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਫਿਰੋਜਪੁਰ ਤੇ ਹੁਸ਼ਿਆਰਪੁਰ ਅਜਿਹੇ ਲੋਕ ਸਭਾ ਹਲਕੇ ਹਨ ਹੈ, ਜਿੱਥੋਂ ਬਹੁਜਨ ਸਮਾਜ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਛੱਡਕੇ ਕਿਸੇ ਵੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ। ਬਹੁਜਨ ਸਮਾਜ ਪਾਰਟੀ ਨੇ ਫਿਰੋਜਪੁਰ ਤੋਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਜਦਕਿ ਆਪ ਨੇ ਹੁਸ਼ਿਆਰਪੁਰ ਤੋਂ ਡਾ ਰਾਜ ਕੁਮਾਰ ਚੱਬੇਵਾਲ ਤੇ ਬਸਪਾ ਨੇ ਰਕੇਸ਼ ਕੁਮਾਰ ਸੁਮਨ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ।
ਸ਼੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਕਰੀਬ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਇਸੀ ਤਰ੍ਹਾਂ ਸ਼੍ਰੀ ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਫਰੀਦਕੋਟ ਹਲਕੇ ’ਚ ਵੀ ਤਿੰਨ-ਤਿੰਨ ਉਮੀਦਵਾਰ ਮੈਦਾਨ ਵਿਚ ਆ ਚੁੱਕੇ ਹਨ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਕਾਂਗਰਸ ਨੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ’ਤੇ ਮੁੜ ਭਰੋਸਾ ਪ੍ਰਗਟ ਕੀਤਾ ਹੈ, ਜਦਕਿ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਕਾਲੀ ਦਲ ਨੇ ਅਨਿਲ ਜੋਸ਼ੀ ਅਤੇ ਭਾਜਪਾ ਨੇ ਤਰੁਣਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਗੁਰਦਾਸਪੁਰ ਤੋਂ ਅਕਾਲੀ ਦਲ ਨੇ ਪਾਰਟੀ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਅਤੇ ਭਾਜਪਾ ਨੇ ਦਿਨੇਸ਼ ਬੱਬੂ ਨੂੰ ਉਮੀਦਵਾਰ ਬਣਾਇਆ ਹੈ। ਇਸੀ ਤਰ੍ਹਾਂ ਫਰੀਦਕੋਟ ਤੋਂ ਭਾਜਪਾ ਨੇ ਰਾਜ ਗਾਇਕ ਹੰਸ ਰਾਜ ਹੰਸ ਤੇ ਆਮ ਆਦਮੀ ਪਾਰਟੀ ਨੇ ਅਦਾਕਾਰ ਕਰਮਜੀਤ ਅਨਮੋਲ ਅਤੇ ਅਕਾਲੀ ਦਲ ਨੇ ਰਾਜਵਿੰਦਰ ਸਿੰਘ ’ਤੇ ਦਾਅ ਖੇਡਿਆ ਹੈ। ਬਠਿੰਡਾ ਤੋਂ ਆਪ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਤੇ ਅਕਾਲੀ ਦਲ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਹੈ।
ਸੱਭਤੋਂ ਰੌਚਕ ਮੁਕਾਬਲੇ ਵਾਲੀ ਸੀਟ ਬਣੀ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਕਾਂਗਰਸ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਨੇ ਇਕਬਾਲ ਸਿੰਘ ਝੂੰਦਾ ਨੂੰ ਉਮੀਦਵਾਰ ਐਲਾਨਿਆ ਹੈ। ਜਦਕਿ ਅਕਾਲੀ ਦਲ (ਅ) ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਮੁੜ ਚੋਣ ਮੈਦਾਨ ਵਿਚ ਕੁੱਦ ਗਏ ਹਨ। ਸ਼ਾਹੀ ਸ਼ਹਿਰ ਪਟਿਆਲਾ ਤੋਂ ਭਾਜਪਾ ਨੇ ਮਹਾਰਾਣੀ ਪਟਿਆਲਾ ਪਰਨੀਤ ਕੌਰ ਨੂੰ ਟਿਕਟ ਦਿੱਤੀ ਹੈ। ਹੁਕਮਰਾਨ ਪਾਰਟੀ ਆਪ ਨੇ ਸਿਹਤ ਮੰਤਰੀ ਡਾ ਬਲਵੀਰ ਸਿੰਘ, ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ, ਅਕਾਲੀ ਦਲ ਨੇ ਹਿੰਦੂ ਪੱਤਾ ਖੇਡਦੇ ਹੋਏ ਐੱਨ.ਕੇ ਸ਼ਰਮਾ ਅਤੇ ਬਹੁਜਨ ਸਮਾਜ ਪਾਰਟੀ ਨੇ ਜਗਜੀਤ ਸਿੰਘ ਛੜਬੜ ਨੂੰ ਚੋਣ ਪਿੜ ਵਿਚ ਉਤਾਰਿਆ ਹੈ। ਜਲੰਧਰ ਤੋਂ ਭਾਜਪਾ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਬਹੁਜਨ ਸਮਾਜ ਪਾਰਟੀ ਨੇ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ।ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਮਾਲਵਿੰਦਰ ਸਿੰਘ ਕੰਗ ਤੇ ਅਕਾਲੀ ਦਲ ਨੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸ੍ਰੀ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਕਾਂਗਰਸ ਨੇ ਸੰਸਦ ਮੈਂਬਰ ਡਾ ਅਮਰ ਸਿੰਘ ਅਤੇ ਅਕਾਲੀ ਦਲ ਨੇ ਬਿਕਰਮਜੀਤ ਸਿੰਘ ਖਾਲਸਾ ਨੂੰ ਉਮੀਦਵਾਰ ਐਲਾਨਿਆ ਹੈ।