–13 ਸੀਟਾਂ ਲਈ 26 ਮਹਿਲਾਂ ਉਮੀਦਵਾਰਾਂ ਸਮੇਤ 328 ਉਮੀਦਵਾਰ ਚੋਣ ਮੈਦਾਨ ਵਿਚ,
ਚੰਡੀਗੜ੍ਹ, 17 ਮਈ (ਖ਼ਬਰ ਖਾਸ ਬਿਊਰੋ)
ਪੰਜਾਬ ਵਿਚ ਇਕ ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਤਸਵੀਰ ਸਾਫ਼ ਹੋ ਗਈ ਹੈ। ਸੂਬੇ ਦੀਆਂ 13 ਸੀਟਾਂ ਲਈ 328 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਹਨਾਂ ਵਿਚ 26 ਮਹਿਲਾਂ ਉਮੀਦਵਾਰ ਚੋਣ ਮੈਦਾਨ ਵਿਚ ਡਟੀਆ ਹੋਈਆਂ ਹਨ। ਆਮ ਆਦਮੀ ਪਾਰਟੀ ਨੇ ਕਿਸੇ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ, ਜਦਕਿ ਭਾਜਪਾ ਨੇ ਤਿੰਨ ਔਰਤਾਂ ਨੂੰ ਟਿਕਟ ਦੇ ਕੇ ਪਹਿਲਾਂ ਨੰਬਰ ਲਿਆ ਹੈ। ਇਸੀ ਤਰਾਂ ਕਾਂਗਰਸ ਨੇ ਦੋ ਅਤੇ ਅਕਾਲੀ ਦਲ ਨੇ ਸਿਰਫ਼ ਇਕ ਉਮੀਦਵਾਰ ਹਰਸਿਮਰਤ ਕੌਰ ਬਾਦਲ ਉਤੇ ਭਰੋਸਾ ਪ੍ਰਗਟ ਕੀਤਾ ਹੈ।
ਕਿਸ ਲੋਕ ਸਭਾ ਹਲਕੇ ਤੋਂ ਕਿੰਨੇ ਉਮੀਦਵਾਰ-
ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 23 ਮਰਦ ਅਤੇ 3 ਮਹਿਲਾਵਾਂ ਸ਼ਾਮਲ ਹਨ, ਜਦਕਿ ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 26 ਮਰਦ ਅਤੇ 4 ਮਹਿਲਾਵਾਂ ਸ਼ਾਮਲ ਹਨ। ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਸਾਰੇ ਉਮੀਦਵਾਰ ਮਰਦ ਹਨ।
ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 17 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ। ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰਾਂ ਵਿੱਚੋਂ 14 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣਾਂ ਲੜ ਰਹੀਆਂ ਹਨ। ਆਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 41 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਫਤਿਹਗੜ੍ਹ ਸਾਹਿਬ ਤੋਂ ਕੁੱਲ 14 ਉਮੀਦਵਾਰਾਂ ਵਿੱਚੋਂ 13 ਮਰਦ ਅਤੇ 1 ਮਹਿਲਾ ਉਮੀਦਵਾਰ ਚੋਣ ਲੜ ਰਹੇ ਹਨ। ਫਰੀਦਕੋਟ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਫਿਰੋਜ਼ਪੁਰ ਤੋਂ ਕੁੱਲ 29 ਉਮੀਦਵਾਰ ਚੋਣ ਲੜ ਰਹੇ ਹਨ, ਜੋ ਕਿ ਸਾਰੇ ਮਰਦ ਹਨ। ਬਠਿੰਡਾ ਤੋਂ ਕੁੱਲ 18 ਉਮੀਦਵਾਰਾਂ ਵਿੱਚ 15 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ। ਸੰਗਰੂਰ ਤੋਂ 23 ਉਮੀਦਵਾਰਾਂ ਵਿੱਚੋਂ 22 ਮਰਦ ਅਤੇ 1 ਮਹਿਲਾ ਉਮੀਦਵਾਰ ਚੋਣ ਲੜ ਰਹੇ ਹਨ ਜਦਕਿ ਪਟਿਆਲਾ ਤੋਂ 26 ਉਮੀਦਵਾਰਾਂ ਵਿੱਚੋਂ 23 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ।
ਸੂਬੇ ਦੇ ਮੁੱਖ ਚੋਣ ਅਫ਼ਸਰ ਸਿਬਿਨ ਅਨੁਸਾਰ ਅੱਜ ਕਾਗਜ਼ ਵਾਪਸ ਲੈਣ ਦੀ ਆਖ਼ਰੀ ਦਿਨ ਕੁੱਲ 25 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲਏ ਹਨ। ਲੋਕ ਸਭਾ ਚੋਣਾਂ-2014 ਵਿੱਚ 253 ਅਤੇ 2019 ਵਿੱਚ ਕੁੱਲ 278 ਉਮੀਦਵਾਰਾਂ ਨੇ ਚੋਣ ਲੜੀ ਸੀ।
ਲੁਧਿਆਣਾ ਲੋਕ ਸਭਾ ਸੀਟ ਉੱਤੇ ਸਭ ਤੋਂ ਵੱਧ 43 ਉਮੀਦਵਾਰ ਚੋਣ ਮੈਦਾਨ ਵਿੱਚ
ਲੁਧਿਆਣਾ ਲੋਕ ਸਭਾ ਹਲਕੇ ਵਿਚ ਸੱਭਤੋ ਵੱਧ 43 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸ੍ੱਭਤੋਂ ਘੱਟ 14 ਉਮੀਦਵਾਰ ਸ੍ਰੀ ਫਤਿਹਗੜ ਸਾਹਿਬ ਵਿਧਾਨ ਸਭਾ ਹਲਕੇ ਵਿਚ ਹਨ।ਜਾਣਕਾਰੀ ਅਨੁਸਾਰ ਇਕ ਈਵੀਐੱਮ ਮਸ਼ੀਨ ਵਿਚ 16 ਉਮੀਦਵਾਰਾਂ ਦੇ ਨਾਮ ਤੇ ਚੋਣ ਨਿਸ਼ਾਨ ਹੀ ਦਰਜ਼ ਹੋ ਸਕਦੇ ਹਨ। ਯਾਨੀ ਮਸ਼ੀਨ ਵਿਚ 16 ਬਟਨ ਹੁੰਦੇ ਹਨ। ਇਸੀ ਤਰਾਂ ਇਕ ਬਟਨ ਨੋਟਾ ਦਾ ਹੈ। ਉਮੀਦਵਾਰਾਂ ਦੀ ਗਿਣਤੀ 43 ਹੋੋਣ ਕਾਰਨ ਲੁਧਿਆਣਾ ਲੋਕ ਸਭਾ ਹਲਕੇ ਵਿਚ ਹੁਣ ਹਰੇਕ ਬੂਥ ਉਥੇ ਤਿੰਨ ਤਿੰਨ ਈਵੀਐੱਮ ਮਸ਼ੀਨਾਂ ਲੱਗਣੀਆਂ। ਜਦਕਿ ਹੁਸ਼ਿਆਰੁਪਰ ਅਤੇ ਸ਼੍ਰੀ ਫਤਿਹਗੜ ਸਾਹਿਬ ਦੋ ਹਲਕੇ ਅਜਿਹੇ ਹਨ ਜਿਥੇ ਇਕ ਇਕ ਮਸ਼ੀਨ ਲੱਗੇਗੀ ਬਾਕੀ ਸਾਰੇ ਹਲਕਿਆਂ ਵਿਚ ਦੋ ਦੋ ਮਸ਼ੀਨਾਂ ਲੱਗਣੀਆ।