ਚੰਡੀਗੜ 16 ਮਈ (ਖ਼ਬਰ ਖਾਸ ਬਿਊਰੋ)
ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋ ਦੇ ਫਰਜੰਦ ਰਵੀਕਰਨ ਸਿੰਘ ਕਾਹਲੋ ਵੀ ਭਗਵੇ ਰੰਗ ਵਿਚ ਰੰਗੇ ਗਏ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕਦਮ ਨਾਲ ਕਦਮ ਮਿਲਾਕੇ ਚੱਲਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੇ ਵੀਰਵਾਰ ਨੂੰ ਕਾਹਲੋ ਤੇ ਉਸਦੇ ਸਾਥੀਆਂ ਨੂੰ ਫੁੱਲ ਫੜਾਇਆ। ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦਾ ਪਰਿਵਾਰ ਤਿੰਨ ਪੀੜੀਆਂ ਤੋ ਅਕਾਲੀ ਸੀ, ਪਰ ਕੱਲ ਸਾਰੀ ਰਾਤ ਉਸਨੇ ਬੈਚੇਨੀ ਵਿਚ ਕੱਟੀ ਹੈ। ਉਨਾਂ ਕਿਹਾ ਕਿ ਉਹ ਕੱਲ ਪਹਿਲੀ ਵਾਰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਸੀ।
ਰਾਤ ਨੂੰ ਫੋਨ ਉਤੇ ਜਾਖੜ ਨੇ ਕੀ ਕਿਹਾ –
ਕਾਹਲੋਂ ਨੇ ਕਿਹਾ ਕਿ ਰਾਤ ਨੂੰ ਸੁਨੀਲ ਜਾਖੜ ਦਾ ਫੋਨ ਆਇਆ ਤੇ ਉਨਾਂ ਕਿਹਾ ਕਿ ਤੂੰ (ਕਾਹਲੋਂ) ਸਾਡੇ ਭਰਾ ਦਾ ਪੁੱਤ ਹੈ। ਤੇਰੇ ਲਈ ਦਰਵਾਜੇ ਖੁੱਲੇ ਹਨ। ਇਸ ਕਰਕੇ ਉਨਾਂ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਕਾਹਲੋਂ ਨੇ ਜਾਖੜ ਨੂੁੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ਵਿਚ ਹਮੇਸ਼ਾ ਅ੍ੱਗੇ ਰਹੇ ਹਨ ਅਤੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ, ਹੁਣ ਤੁਸਾਂ ਬਾਪ ਵਾਲਾ ਹੱਥ ਸਿਰ ਉਤੇ ਰੱਖਣਾ ਤੇ ਉਹ ਪਰਿਵਾਰ ਦਾ ਹਿੱਸਾ ਬਣਕੇ ਰਹਿਣਗੇ।
ਸੁਖਬੀਰ ਤਾਂ ਰਬੜ ਦੀ ਮੋਹਰ, ਪਾਰਟੀ ਵਿਚ ਤਾਂ ਮਜੀਠੀਆ ਦੀ ਚੱਲਦੀ
ਕਾਹਲੋਂ ਨੇ ਕਿਹਾ ਕਿ ਜਦੋਂ ਦਾ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਵਿਚ ਆਏ ਹਨ, ਉਦੋਂ ਤੋਂ ਮਜੀਠੀਆ ਨੇ ਮਾਝੇ ਵਿਚ ਸਾਰੇ ਟਕਸਾਲੀ ਤੇ ਜੇਲਾਂ ਕੱਟਣ ਵਾਲੇ ਆਗੂਆਂ ਨੂੰ ਪਿੱਛੇ ਧੱਕ ਦਿੱਤਾ ਅਤੇ ਪਾਰਟੀ ਪਿੱਛੇ ਜਾਣਾ ਸ਼ੁਰੂ ਹੋ ਗਈ। ਉਨਾਂ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਤੇ ਕਾਹਲੋ ਪਰਿਵਾਰ ਨੂੰ ਸਾਈਡ ਲਾਈਨ ਕੀਤਾ। ਉਨਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮਜੀਠੀਆ ਨਹੀਂ ਸਨ ਚਾਹੁੰਦੇ ਕਿ ਉਹ ਚੋਣ ਜਿੱਤਣ। ਉਨਾਂ ਕਿਹਾ ਕਿ ਪਾਰਟੀ ਤੇ ਨਸ਼ਿਆ ਅਤੇ ਬੇਅਦਬੀ ਦੇ ਦੋਸ਼ ਲੱਗਦੇ ਹਨ। ਪਰ ਆਪੇ ਬਣੇ ਮਾਝੇ ਦੇ ਜਰਨੈਲ ਨੇ ਪਾਰਟੀ ਨੂੰ ਖਤਮ ਕਰਨ ਦਾ ਕੰਮ ਕੀਤਾ। ਉਹਨਾਂ ਕਿਹਾ ਕਿ ਕਦੇ ਅਕਾਲੀ ਦਲ ਸਰਕਾਰ ਬਣਾਉਂਦੀ ਸੀ, ਹੁਣ ਤਿੰਨ ਵਿਧਾਇਕ ਰਹਿ ਗਏ।
ਇਸ ਕਰਕੇ ਛੱਡਿਆ ਅਕਾਲੀ ਦਲ
ਕਾਹਲੋਂ ਨੇ ਕਿਹਾ ਕਿ ਉਸਨੇ ਇਕ ਬਲਾਤਕਾਰੀ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਸੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਉਸ ਆਗੂ ਨੂੰ ਪੰਥ ਵਿਚੋਂ ਕੱਢ ਚੁੱਕਿਆ ਹੈ, ਪਰ ਇਹਨਾਂ ਨੇ ਗਲਤ ਢੰਗ ਨਾਲ ਪੰਥ ਵਿਚ ਵਾਪਸੀ ਕਰਵਾ ਦਿੱਤੀ। ਕਾਹਲੋ ਨੇ ਕਿਹਾ ਕਿ ਉਸ ਆਗੂ ਦਾ ਮੈਨੂੰ ਵੀ ਫੋਨ ਆਇਆ ਸੀ ਕਿ ਕਿਉਂਪਾਰਟੀ ਵਿਚ ਸ਼ਾਮਲ ਕਰਨਾ ਚਾਹੁੰਦਾ ਜਿਸ ਦੀਆਂ
ਭਲਾ ਹੋਇਆ ਮੇਰਾ ਚਰਖਾ ਟੁੱਟਿਆ , ਜਿੰਦ ਨਿਮਾਣੀ ਛੁੱਟੀ
ਉਨਾਂ ਕਿਹਾ ਕਿ ਉਸਨੇ ਸਚਾਈ ਦੀ ਗੱਲ ਕੀਤੀ। ਧੀਆਂ ਭੈਣਾਂ ਦੀ ਗੱਲ ਕੀਤੀ ਸੀ ਕਿਉਕਿ ਉਸਦੀਆਂ ਤਿੰਨ ਬੇਟੀਆ ਹਨ। ਉਹ ਇਕ ਵਿਭਚਾਰੀ ਦਾ ਵਿਰੋਧ ਕੀਤਾ ਸੀ। ਉਹਨਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਧੰਨਵਾਦ ਕਰਦਿਆ ਕਿਹਾ ਕਿ ਪ੍ਰਧਾਨ ਸਾਹਿਬ ! ਤੁਹਾਡਾ ਧੰਨਵਾਦ ਤੁਸੀਂ ਮੈਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ। ਵਰਨਣਯੋਗ ਹੈ ਕਿ ਅਕਾਲੀ ਦਲ ਨੇ ਬੀਤੇ ਕੱਲ ਰਵੀਕਰਨ ਸਿੰਘ ਕਾਹਲੋ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋ ਖਾਰਜ਼ ਕਰਦੇ ਹੋਏ ਪਾਰਟੀ ਵਿਚੋਂ ਕੱਢ ਦਿੱਤਾ ਸੀ।