ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਬਠਿੰਡਾ ਤੇ ਮੰਡੌੜ ਵਿਖੇ ਪੁਲਿਸ ਹਿਰਾਸਤ ਅਤੇ ਮੁਕਾਬਲੇ ਵਿਚ ਮੌਤਾਂ ਦੀ ਜਾਂਚ ਕਰਨ ਦਾ ਫੈਸਲਾ

ਚੰਡੀਗੜ੍ਹ— 10 ਜੂਨ (ਖਬਰ ਖਾਸ ਬਿਊਰੋ)

ਜਸਟਿਸ (ਰਿਟਾ.) ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਅੱਜ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸੂਬਾਈ ਆਗੂਆਂ ਦੀ ਮੀਟਿੰਗ ਵਿਚ ਪੰਜਾਬ ਅੰਦਰ ਪੁਲਿਸ ਜ਼ਿਆਦਤੀਆਂ, ਪੁਲਿਸ ਹਿਰਾਸਤ ’ਚ ਮੌਤਾਂ ਅਤੇ ਝੂਠੇ ਕੇਸ ਮੜ੍ਹਨ ਸਬੰਧੀ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਵਿਚ ਸੰਗਠਨ ਵੱਲੋਂ ਬਠਿੰਡਾ ਤੇ ਮੰਡੌੜ ਵਾਲੇ ਪੁਲਿਸ ਮੁਕਾਬਲੇ ਤੇ ਹਿਰਾਸਤ ਵਿਚ ਹੋਈਆਂ ਮੌਤਾਂ ਦੀਆਂ ਘਟਨਾਵਾਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ।
ਦੋ ਹਫਤੇ ਪਹਿਲਾਂ, ਬਠਿੰਡਾ ਸੀ. ਆਈ ਏ ਸਟਾਫ ਵੱਲੋਂ ਅੰਗਰੇਜ਼ੀ ਦੇ ਅਧਿਆਪਕ ਨਰਿੰਦਰਦੀਪ ਸਿੰਘ ਨੂੰ ਅਣ-ਮਨੁੱਖੀ ਤਸੀਹੇ ਦਿੱਤੇ ਗਏ ਜਿਸ ਕਾਰਨ ਉਸ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ।
ਦੂਸਰੀ ਘਟਨਾ ਵਿੱਚ ਸ਼ੀਹਾਂ ਦੌਦ ਪਿੰਡ ਦੇ ਨਿਵਾਸੀ ਅਤੇ ਕੈਨੇਡਾ ਦੇ ਵਸਨੀਕ ਜਸਪ੍ਰੀਤ ਸਿੰਘ ਨੂੰ ਮਾਰਚ ਵਿੱਚ ਪਟਿਆਲਾ ਪੁਲਿਸ ਨੇ “ਪੁਲਿਸ ਮੁਕਾਬਲੇ” ਵਿੱਚ ਮਾਰ ਦਿੱਤਾ ਸੀ।
ਜਥੇਬੰਦੀ ਦੇ ਕੰਮ ਨੂੰ ਵਧੇਰੇ ਅਸਰਦਾਰ ਬਣਾਉਣ ਲਈ ਮੈਂਬਰਸ਼ਿਪ ਮੁਹਿੰਮ ਨੂੰ ਤੇਜ਼ ਕਰਨ ਤੇ ਪੰਜਾਬ ਅੰਦਰ ਆਰਜ਼ੀ ਤੌਰ ’ਤੇ ਜ਼ਿਲ੍ਹਾ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਪੰਜਾਬ ਅੰਦਰ ਕਾਨੂੰਨ ਦਾ ਰਾਜ ਸਥਾਪਤ ਕਰਨ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਚਿੰਤਤ ਸਾਰੇ ਵਿਅਕਤੀਆਂ ਨੂੰ ਜਥੇਬੰਦੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਇਸ ਮੀਟਿੰਗ ਵਿਚ ਮਾਲਵਿੰਦਰ ਸਿੰਘ ਮਾਲੀ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਦਿਲਾਵਰ ਸਿੰਘ, ਤਰਜਿੰਦਰ ਸਿੰਘ, ਡਾ. ਪਿਆਰਾ ਲਾਲ ਗਰਗ ਅਤੇ ਡਾ. ਖੁਸ਼ਹਾਲ ਸਿੰਘ ਸ਼ਾਮਲ ਹੋਏ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *