ਲੁਧਿਆਣਾ, 10 ਜੂਨ (ਖਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ ਕਿਉਂਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ ਆਪਣੇ ਵਿਭਾਗ ਕੋਲ ਪਏ ਫੰਡ ਤੁਰੰਤ ਸੂਬੇ ਦੇ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਉਣ।
ਸੂਬੇ ਦੇ ਵੱਖ-ਵੱਖ ਵਿਭਾਗਾਂ ਤੋਂ ਫੰਡ ਵਾਪਸ ਮੰਗਵਾਉਣ ਦੇ ਫੈਸਲੇ ਨੂੰ ਅਣਕਿਆਸਾ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹਨਾਂ 12 ਵਿਭਾਗਾਂ ਵਿਚ ਖੇਤੀਬਾੜੀ, ਤਕਨੀਕੀ ਸਿੱਖਿਆ, ਮਾਲ ਵਿਭਾਗ, ਸੂਚਨਾ ਤਕਨਾਲੋਜੀ, ਖੁਰਾਕ ਤੇ ਸਿਵਲ ਸਪਲਾਈ, ਪਸ਼ੂ ਪਾਲਣ ਵਿਭਾਗ, ਜਲ ਸਰੋਤ, ਕਰ ਵਿਭਾਗ, ਲੋਕ ਨਿਰਮਾਣ ਅਤੇ ਮੰਡੀ ਬੋਰਡ ਸ਼ਾਮਲ ਹਨ।
ਮਾਮਲੇ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਆਪ ਸਰਕਾਰ ਨੇ ਹਾਲ ਹੀ ਵਿਚ ਓਪਨ ਮਾਰਕੀਟ (ਓ ਐਮ ਬੀ) ਲਿਮਟ ਰਾਹੀਂ 47076 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਕੇਂਦਰ ਸਰਕਾਰ ਨੇ ਸੂਬੇ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਲਏ ਕਰਜ਼ਿਆਂ ਤੇ ਮਾੜੇ ਵਿੱਤੀ ਪ੍ਰਬੰਧਨ ਕਾਰਣ ਇਸ ਕਰਜ਼ੇ ਵਿਚ 16676 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਖੁਦ ਹੀ ਜ਼ਿਆਦਾ ਖਿਲਾਰਾ ਪਾ ਲਿਆ ਹੈ ਤੇ ਇਸ ਕੋਲ ਕਰਜ਼ੇ ਭਰਨ ਵਾਸਤੇ ਫੰਡ ਨਹੀਂ ਹਨ, ਇਸ ਕਾਰਣ ਇਸਨੇ 12 ਵਿਭਾਗਾਂ ਨੂੰ ਪਹਿਲਾਂ ਜਾਰੀ ਕੀਤੇ ਫੰਡ ਵਾਪਸ ਮੰਗਵਾ ਲਏ ਹਨ। ਇਸਦਾ ਮਤਲਬ ਇਹ ਹੈ ਕਿ ਸਰਕਾਰ ਵਿਕਾਸ ਕਾਰਜਾਂ ਅਤੇ ਵੱਖ-ਵੱਖ ਸਕੀਮਾਂ ਲਈ ਰੱਖੇ ਇਹਨਾਂ ਫੰਡਾਂ ਦੀ ਵਰਤੋਂ ਹੁਣ ਆਪਣੇ ਕਰਜ਼ੇ ਭਰਨ ਵਾਸਤੇ ਕਰੇਗੀ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਨੂੰ ਕੰਗਾਲ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਇਹ ਦੱਸਣ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਲਏ ਇਕ ਲੱਖ ਕਰੋੜ ਰੁਪਏ ਦੀ ਵਰਤੋਂ ਇਸਨੇ ਕਿਥੇ ਕੀਤੀ ਹੈ। ਸਰਕਾਰ ਕੋਲ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਂ ’ਤੇ ਵਿਖਾਉਣ ਲਈ ਕੁਝ ਨਹੀਂ ਹੈ ਤੇ ਨਾ ਹੀ ਇਸਨੇ ਕੋਈ ਨਵੀਂ ਸਕੀਮ ਜਾਂ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਇਹਨਾਂ ਫੰਡਾਂ ਦਾ ਵੱਡਾ ਹਿੱਸਾ ਖੁਰਦ ਬੁਰਦ ਕੀਤਾ ਗਿਆ ਹੈ ਅਤੇ ਆਪ ਹਾਈ ਕਮਾਂਡ ਨੂੰ ਦਿੱਤਾ ਗਿਆ ਤੇ ਸੈਂਕੜੇ ਕਰੋੜਾਂ ਰੁਪਏ ਹਰ ਸਾਲ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਜਾ ਰਹੇ ਹਨ।
ਸਰਦਾਰ ਬਾਦਲ ਨੇ ਇਸ ਘੁਟਾਲੇ ਅਤੇ ਵਿੱਤੀ ਕੁਪ੍ਰਬੰਧਨ ਦੀ ਕਿਸੇ ਨਿਰਪੱਖ ਏਜੰਸੀ ਤੋਂ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਅਤੇ ਇਹ ਵੀ ਮੰਗ ਕੀਤੀ ਕਿ ਫੰਡ ਵਾਪਸ ਲੈਣ ਲਈ ਕੀਤੀਆਂ ਹਦਾਇਤਾਂ ਵੀ ਵਾਪਸ ਲਈਆਂ ਜਾਣ।