ਲੁਧਿਆਣਾ ,3 ਮਈ (ਖ਼ਬਰ ਖਾਸ ਬਿਊਰੋ)
ਪੰਜਾਬ ਦੀ ਆਰਥਿਕ ਰਾਜਧਾਨੀ ਵਜੋਂ ਜਾਣਿਆ ਜਾਂਦਾ ਸ਼ਹਿਰ ਲੁਧਿਆਣਾ ਵੀਰਵਾਰ ਨੂੰ ਰਾਜਸੀ ਰੰਗ ਵਿਚ ਰੰਗਿਆ ਰਿਹਾ। ਤਿੰਨ ਰਾਜਸੀ ਪਾਰਟੀਆਂ ਦੇ ਪ੍ਰਧਾਨ ਵੀਰਵਾਰ ਨੂੰ ਲੁਧਿਆਣਾ ਵਿਖੇ ਰਹੇ ਕਿਉਂਕਿ ਲੁਧਿਆਣਾ ਹੌਟ ਸੀਟ ਬਣ ਗਈ ਹੈ।
ਸਾਰੀਆਂ ਪਾਰਟੀਆਂ ਲਈ ਲੋਕ ਸਭਾ ਸੀਟ ਲੁਧਿਆਣਾ ਵੱਕਾਰ ਦਾ ਸਵਾਲ ਬਣ ਗਈ ਹੈ। ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਉਮੀਦਵਾਰ ਬਣੇ ਰਵਨੀਤ ਬਿੱਟੂ ਨੂੰ ਹਰਾਉਣਾ ਕਾਂਗਰਸ ਲਈ ਵੱਕਾਰ ਦਾ ਸਵਾਲ ਬਣ ਗਿਆ ਹੈ। ਬਿੱਟੂ ਦੀ ਪਿੱਠ ਲਾਉਣ ਲਈ ਕਾਂਗਰਸ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਲੋਕ ਸਭਾ ਹਲਕੇ ਵਿੱਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਅੱਠ ਵਿੱਚ ‘ਆਪ’ ਦੇ ਵਿਧਾਇਕ ਜਿੱਤੇ ਹੋਏ ਹਨ। ਇਸ ਲਈ ਆਪ ਅੱਗੇ ਵਿਧਾਨ ਸਭਾ ਚੋਣਾਂ ਵਰਗਾ ਨਤੀਜ਼ਾ ਦੁਹਰਾਉਣ ਦੀ ਚੁਣੌਤੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੂੰ ਇਹ ਵੀ ਦਿਖਾਉਣਾ ਹੋਵੇਗਾ ਕਿ ਭਾਜਪਾ ਤੋਂ ਵੱਖ ਹੋ ਕੇ ਵੀ ਉਸ ਦੀ ਸਥਿਤੀ ਨਹੀਂ ਬਦਲੀ ਹੈ। ਲੁਧਿਆਣਾ ‘ਚ ਚੋਣ ਤਾਪਮਾਨ ਕਿਵੇਂ ਵੱਧ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵੀਰਵਾਰ ਨੂੰ ਤਿੰਨ ਪਾਰਟੀਆਂ ਦੇ ਸੂਬਾ ਪ੍ਰਧਾਨ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹਨ। ਰਾਜਾ ਵੜਿੰਗ ਨੇ ਪਹਿਲੀ ਵਾਰ ਸ਼ਹਿਰ ਵਿੱਚ ਰੋਡ ਸ਼ੋਅ ਕਰਕੇ ਪਾਰਟੀ ਦੀ ਏਕਤਾ ਦਾ ਸਬੂਤ ਦਿੱਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਪਾਰਟੀ ਉਮੀਦਵਾਰ ਦੇ ਸਮਰਥਨ ਵਿੱਚ ਸ਼ਾਮ ਨੂੰ ਰੋਡ ਸ਼ੋਅ ਕੱਢਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਵੱਖ-ਵੱਖ ਥਾਵਾਂ ’ਤੇ ਹੋਰ ਪਾਰਟੀਆਂ ਦਾ ਦੌਰਾ ਕੀਤਾ ਹੈ। ਰਵਨੀਤ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ, ਕਾਂਗਰਸ ਨੇ ਉਸ ਵਿਰੁੱਧ ਗੱਦਾਰ/ਅਵਿਸ਼ਵਾਸ ਮੁਹਿੰਮ ਛੇੜ ਦਿੱਤੀ ਹੈ। ਰਾਜਾ ਵੜਿੰਗ ਇਹ ਕਹਿ ਚੁੱਕੇ ਹਨ ਕਿ ਵਿਸ਼ਵਾਸ ਅਤੇ ਗੱਦਾਰ ਵਿਚਕਾਰ ਲੜਾਈ ਹੋਵੇਗੀ। ਮਾਨ ਨੇ ਕਿਹਾ ਕਿ ਜੇਕਰ ਅਸੀਂ 13 ਸੀਟਾਂ ਜਿੱਤਦੇ ਹਾਂ ਤਾਂ ਕੇਂਦਰ ਤੋਂ ਪੰਜਾਬ ਦਾ ਹੱਕ ਖੋਹ ਲਵਾਂਗੇ। ਰਾਜਾ ਵੜਿੰਗ ਦੇ ਚੋਣ ਮੈਦਾਨ ਵਿਚ ਆਉਣ ਨਾਲ ਰਵਨੀਤ ਬਿੱਟੂ ਲਈ ਮੁਸ਼ਕਲਾਂ ਵੱਧ ਗਈਆਂ ਹਨ ਕਿਉਂਕਿ ਹੁਣ ਕਾਂਗਰਸੀ ਆਗੂਆ ਦਾ ਝੁਕਾਅ ਵੜਿਂਗ ਵੱਲ ਹੋਵੇਗਾ।
“ਨੱਚੀ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ” ਗੀਤ ਵਾਂਗ ਇਸ ਸੀਟ ਦਾ ਅਸਰ ਹੋਰ ਹਲਕਿਆ ਵਿਚ ਵੀ ਪਵੇਗਾ। ਖਾਸਕਰਕੇ ਭਗਵਾ ਰੰਗ ਹੋਰ ਸ਼ਹਿਰੀ ਹਲਕਿਆ ਵਿਚ ਚੜੇਗਾ ਜਾਂ ਨਹੀ। ਲੁਧਿਆਣਾ ਹੁਣ ਇਹ ਵੀ ਤੈਅ ਕਰੇਗਾ।