ਚੰਡੀਗੜ੍ਹ, 28 ਜਨਵਰੀ (ਖ਼ਬਰ ਖਾਸ ਬਿਊਰੋ)
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ , ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ) ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਡਾ ਭੀਮਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਅਤੇ ਸੰਵਿਧਾਨ ਦੀ ਕਿਤਾਬ ਨੂੰ ਅੱਗ ਲਾਉਣ ਦੀ ਘਟਨਾ ਸਿੱਖ ਪਛਾਣ ਨੂੰ ਬਦਨਾਮ ਕਰਨ ਅਤੇ ਪੰਜਾਬੀ ਸਮਾਜ ਨੂੰ ਖੰਡਤ ਕਰਨ ਦੀ ਵੱਡੀ ਫਿਰਕੂ ਸਾਜ਼ਿਸ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਚਿੰਤਕਾਂ,ਬੁੱਧੀਜੀਵੀਆਂ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟੀਆ ਵਰਤਾਰੇ ਨੂੰ ਅੰਜਾਮ ਦੇਣ ਲਈ ਜਾਣ-ਬੁੱਝ ਕੇ ਸਾਜ਼ਿਸਕਾਰਾਂ ਨੇ ਦਸਤਾਰਧਾਰੀ ਦਲਿਤ ਸਿੱਖ ਨੂੰ ਜਾਲ ਵਿੱਚ ਫਸਾਇਆ । ਸੰਵਿਧਾਨ ਨੂੰ ਲਾਗੂ ਕਰਨ ਵਾਲੇ 26 ਜਨਵਰੀ ਦੇ ਦਿਹਾੜੇ ’ਤੇ ਦੋਸ਼ੀ ਨੇ ਪਹਿਲਾਂ ਸੰਵਿਧਾਨ ਦੀ ਕਾਪੀ ਨੂੰ ਵੀ ਅਗਨ ਭੇਟ ਕੀਤਾ ਤੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ।
ਇਸ ਘਟਨਾਕ੍ਰਮ ਦੇ ਪਿਛੇ ਫਿਰਕੂ ਤਾਕਤਾਂ ਦੇ ਹੱਥ ਹੋਣ ਦੀ ਪੁਸ਼ਟੀ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦੇ ਬਿਆਨ ਤੋਂ ਵੀ ਹੁੰਦੀ ਹੈ ਕਿ ਉਸਨੇ ਜਾਣ-ਬੁੱਝ ਕੇ ਇਸ ਘਟਨਾ ਸੰਬਧੀ ਟਵੀਟ ਹਿੰਦੀ ਵਿੱਚ ਲਿਖਿਆ ਅਤੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਬਾਰੇ ਜਵਾਬਦੇਹੀ ਮੰਗੀ। ਜਦੋਂ ਸੋਸ਼ਲ ਮੀਡੀਆ ’ਤੇ ਉਕਤ ਘਟਨਾਂ ਨੂੰ ਜਾਣ-ਬੁੱਝ ਕੇ ਦਰਬਾਰ ਸਾਹਿਬ ਅਤੇ ਸਿੱਖਾਂ ਨਾਲ ਜੋੜਨ ਦੀ ਕੋਸ਼ਿਸ ਦਾ ਵਿਰੋਧ ਹੋਇਆ ਤਾਂ ਪੰਜਾਬ ਦੇ ਭਾਜਪਾ ਲੀਡਰ ਆਪਣਾ ਟਵੀਟ ਡਲੀਟ ਕਰ ਦਿੱਤਾ।
ਆਗੂਆਂ ਨੇ ਕਿਹਾ ਕਿ ਭਾਜਪਾ ਸਿੱਖ ਭਾਈਚਾਰੇ ਨਾਲੋਂ ਦਲਿਤਾਂ ਨੂੰ ਤੋੜ ਕੇ ਉਹਨਾਂ ਵਿੱਚ ਆਪਣੇ ਵੋਟ ਬੈਂਕ ਤਿਆਰ ਕਰਨਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਅਰਸ਼ਦੀਪ ਨਾਮ ਦੇ ਦਲਿਤ ਨੌਜਵਾਨ ਨੂੰ ਵਰਗਲਾਕੇ ਘਣਾਉਣੀ ਕਾਰਵਾਈ ਕਰਵਾਉਣਾ, ਸਿਆਸੀ ਸਾਜ਼ਿਸ਼ ਅਮਲੀ ਰੂਪ ਦੇਣਾ ਹੈ। ਉਸੇ ਭਾਜਪਾ ਲੀਡਰ ਨੇ ਕਈ ਸਾਲ ਪਹਿਲਾਂ ਦੁਆਬੇ ਦੇ ਗੁਰਦੁਆਰਾ ਤਲ੍ਹਣ ਸਾਹਿਬ ਵਿੱਚ ਪੈਦਾ ਹੋਏ ਵਿਵਾਦ ਨੂੰ ਫਿਰਕੂ ਰੰਗ ਦਿੱਤਾ ਅਤੇ ਤੋੜ ਭੰਨ ਕਰਵਾਈ ਸੀ।
ਸਿੱਖਾਂ ਦੇ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤ ਸਾਹਿਬ ਦੇ ਜਥੇਦਾਰ ਵੀ ਦਲਿਤ ਰਹੇ ਸਨ ਅਤੇ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਬਹੁਤੇ ਗ੍ਰੰਥੀ ਅਤੇ ਸਤਿਕਾਰਤ ਪ੍ਰਚਾਰਕ ਵੀ ਦਲਿਤ ਭਾਈਚਾਰੇ ਵਿੱਚੋਂ ਹੀ ਹਨ। ਡਾਕਟਰ ਭੀਮਰਾਓ ਅੰਬੇਦਕਰ ਖੁਦ ਵੀ ਸਿੱਖ ਧਰਮ ਦਾ ਸਰਧਾਲੂ ਸਨ। ਉਹ ਆਪ ਵੀ ਸੰਨ 1936 ਵਿੱਚ ਸਿੱਖ ਬਣਨਾ ਚਾਹੁੰਦੇ ਪਰ ਕਈ ਕਾਰਨਾ ਕਰਕੇ ਉਹ ਸਿੱਖ ਨਹੀਂ ਬਣ ਸਕੇ ਅਤੇ ਅਖੀਰ ਹਿੰਦੂ ਧਰਮ ਛੱਡ ਕੇ ਬੋਧੀ ਬਣ ਗਏ।
ਆਗੂਆਂ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਮੰਨੂਵਾਦੀ-ਜਾਤੀਪਾਤੀ ਹਿੰਦੂਤਵੀ ਤਾਕਤਾਂ ਤੋਂ ਸੁਚੇਤ ਰਹਿਣ ਜਿਹਨਾਂ ਨੇ ਦਲਿਤਾਂ,ਅਖੌਤੀ ਅਛੂਤਾਂ ਤੋਂ ਬਰਾਬਰ ਦੇ ਮਨੁੱਖ ਹੋਣ ਜਾ ਹੱਕ ਸਦੀਆਂ ਤੱਕ ਖੋਹੀ ਰੱਖਿਆ ਸੀ। ਹਿੰਦੂਤਵੀ ਤਾਕਤਾਂ ਜਾਤਪਾਤ ਨੂੰ ਮੁੜ੍ਹ ਪੱਕਾ ਕਰਨਾ ਚਾਹੁੰਦੀਆਂ ਹਨ, ਜਦੋਂ ਸਿੱਖ ਸਿਧਾਂਤ-ਫਲਸਫਾ ਸਮਾਜਕ ਬਰਾਬਰੀ-ਸਮਾਜਿਕ ਇਨਸਾਫ ਪ੍ਰਤੀ ਵਚਨਬੱਧ ਹੈ।