ਚੰਡੀਗੜ੍ਹ 27 ਜਨਵਰੀ (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਨੇ ਪੰਜਾਬ ਰਾਜ ਸੂਚਨਾ ਕਮਿਸ਼ਨ ਵਿਚ ਖਾਲੀ ਪਈਆਂ ਦੋ ਪੋਸਟਾਂ ਵੀ ਭਰ ਦਿੱਤੀਆਂ ਹਨ। ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੂਜਾ ਗੁਪਤਾ ਅਤੇ ਹਰਪ੍ਰੀਤ ਸਿੰਘ ਸੰਧੂ ਨੂੰ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੋਵਾਂ ਨਿਯੁਕਤੀਆਂ ’ਤੇ ਸਹੀ ਦੀ ਮੋਹਰ ਲਗਾ ਦਿੱਤੀ ਹੈ।

ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੁਕਮ ਅਨੁਸਾਰ ਚੰਡੀਗੜ੍ਹ ਨਿਵਾਸੀ ਪੂਜਾ ਗੁਪਤਾ ਸਿੱਖਿਆ ਸਾਸ਼ਤਰੀ ਹਨ। ਜਦਕਿ ਹਰਪ੍ਰੀਤ ਸਿੰਘ ਸੰਧੂ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਪੇਸ਼ੇ ਤੋ ਉਹ ਵਕੀਲ ਹਨ। ਸ਼੍ਰੀ ਮਤੀ ਪੂਜਾ ਗੁਪਤਾ ਅਤੇ ਹਰਪ੍ਰੀਤ ਸੰਧੂ ਦੀ ਨਿਯੁਕਤੀ ਹੋਣ ਨਾਲ ਪੰਜਾਬ ਰਾਜ ਸੂਚਨਾ ਕਮਿਸ਼ਨ ਵਿਚ ਕਮਿਸ਼ਨਰਾਂ ਦੀਆਂ ਸਾਰੀਆਂ ਅਸਾਮੀਆਂ ਭਰੀਆ ਗਈਆਂ ਹਨ।ਇੱਥੇ ਦੱਸਿਆ ਜਾਂਦਾ ਹੈ ਕਿ ਸੂਚਨਾ ਅਧਿਕਾਰ ਐਕਟ 2005 ਲਾਗੂ ਹੋਣ ਤੋਂ ਬਾਅਦ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਸਰਕਾਰ ਅਤੇ ਕਾਂਗਰਸ ਸਰਕਾਰ ਦੌਰਾਨ ਇਕ ਪੋਸਟ ’ਤੇ ਸੀਨੀਅਰ ਪੱਤਰਕਾਰ ਨੂੰ ਬਤੌਰ ਕਮਿਸ਼ਨਰ ਨਿਯੁਕਤ ਹੁੰਦਾ ਰਿਹਾ ਹੈ, ਪਰ ਪਹਿਲੀ ਵਾਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਕਿਸੇ ਪੱਤਰਕਾਰ ਨੂੰ ਸੂਚਨਾ ਕਮਿਸ਼ਨਰ ਵਿਚ ਥਾਂ ਨਹੀਂ ਮਿਲੀ। ਹਾਲਾਂਕਿ ਇਹ ਕੋਈ ਕਾਨੂੰਨ ਨਹੀਂ ਹੈ, ਪਰ ਪਿਛਲੀਆਂ ਸਰਕਾਰਾਂ ਦੌਰਾਨ ਹਰ ਵਰਗ ਨੂੰ ਪ੍ਰਤੀਨਿੱਧਤਾ ਮਿਲਦੀ ਰਹੀ ਹੈ।