ਚੰਡੀਗੜ੍ਹ 27 ਜਨਵਰੀ (ਖ਼ਬਰ ਖਾਸ ਬਿਊਰੋ)
ਪੰਜ ਸਿੰਘ ਸਾਹਿਬਾਨ ਦੀ ਮੰਗਲਵਾਰ ਨੂੰ ਹੋਣ ਵਾਲੀ ਇਕੱਤਰਤਾ ਮੁਲਤਵੀ ਕੀਤੀ ਜਾਣ ‘ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ (ਮੁਅਤਲੀ ਅਧੀਨ) ਗਿਆਨੀ ਹਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਖਿਲਾਫ਼ ਸਾਜਿਸ਼ ਕੀਤੀ ਜਾ ਰਹੀ ਹੈ ਤੇ ਗਵਾਹ ਭੁਗਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੇ ਤਖ਼ਤ ਦਮਦਮਾ ਸਾਹਿਬ ਉਤੇ ਜਾ ਕੇ ਉਹਨਾਂ ਖਿਲਾਫ਼ ਮਰਿਆਦਾ ਦੀ ਉਲੰਘਣਾ ਕਰਨ ਬਾਰੇ ਲਿਖਣ ਲਈ ਕਿਹਾ ਹੈ, ਪਰ ਉਹਨਾਂ ਨੂੰ ਖੁਸ਼ੀ ਹੈ ਕਿਸੇ ਨੇ ਲਿਖ ਨਹੀਂ ਦਿੱਤਾ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਮੀਟਿੰਗ ਵਿਚ ਗੁਰਮਤਿ ਦੀ ਰੋਸ਼ਨੀ ਵਿਚ ਬੇਉਮੀਦੇ ਫੈਸਲੇ ਹੁੰਦੇ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਮੁਲਤਵੀ ਹੋ ਗਈ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਉਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਹਨਾਂ ਖਿਲਾਫ਼ ਤਖ਼ਤ ਦਮਦਮਾ ਸਾਹਿਬ ਜਾ ਕੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਪੰਜ ਪਿਆਰਿਆ ਸਾਹਮਣੇ ਪੇਸ਼ ਹੋ ਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ, ਪਰ ਉਹਨਾਂ ਨੂੰ ਖੁਸ਼ੀ ਹੈ ਕਿ ਕਿਸੇ ਨੇ ਲਿਖਕੇ ਨਹੀਂ ਦਿੱਤਾ।
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਕਰਕੇ ਸੇਵਾਵਾਂ ਖਤਮ ਕੀਤੀਆ ਜਾਣਗੀਆਂ ਅਤੇ ਫਿਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ। ਉਹਨਾਂ ਕਿਹਾ ਕਿ ਇਹ ਇਤਿਹਾਸ ਹੈ ਜਿਹੜੇ ਘਰ ਜਾ ਕੇ ਫੈਸਲੇ ਕਰਦੇ ਹਨ ਜਾਂ ਈਨ ਮੰਨ ਲੈਂਦੇ ਹਨ, ਉਹ ਵੱਡੀਆ ਇਮਾਰਤਾਂ ਬਣਾ ਲੈਣ ਉਹਨਾਂ ਨੂੰ ਕੁ੍ਝ ਨਹੀ ਕਿਹਾ ਜਾਂਦਾ ਅਤੇ ਅੱਠ ਸਾਲ ਬਾਅਦ ਵੀ ਪੁੱਛਿਆ ਤੱਕ ਨਹੀਂ ਜਾਂਦਾ ਪਰ ਜਿਹੜੇ ਈਨ ਨਹੀਂ ਮੰਨਦੇ ਉਹਨਾਂ ਦੀ ਬੁਰਕੀਆਂ ਗਿਣੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਮੇਰੀਆਂ ਵੀ ਬੁਰਕੀਆ ਗਿਣੀਆ ਜਾ ਰਹੀਆਂ ਹਨ।
ਜਥੇਦਾਰ ਨੇ ਕਿਹਾ ਕਿ ਜ਼ਲਦੀ ਕਰੋ, ਮੇਰੀਆਂ ਸੇਵਾਵਾਂ ਖ਼ਤਮ ਕਰੋ ਫਿਰ ਮੈਂ ਸਿਖ ਪੰਥ ਦੇ ਸਹਿਯੋਗ ਨਾਲ ਕੀ ਕਰਨਾ ਹੈ ਉਹ ਮੈਂ ਦੇਖਾਂਗਾ।