ਚੰਡੀਗੜ੍ਹ, 21 ਦਸੰਬਰ (ਖ਼ਬਰ ਖਾਸ ਬਿਊਰੋ)
ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ 21ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਦੂਜੇ ਦਿਨ ਨਾਟਕਕਾਰ ਅਸਗਰ ਵਜਾਹਤ ਦਾ ਨਾਟਕ ਹੀ ਹੋਇਆ ਹੈ, ਜਿਸ ਵਿੱਚ ਮੰਚ ਰੰਗਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ‘ਜਿਸ ਨੇ ਲਾਹੌਰ ਨਹੀਂ ਦੇਖਿਆ..’ ਨਾਟਕ ਖੇਡਿਆ ਗਿਆ। ਇਹ ਪੰਜ ਦਿਨਾ ਨਾਟ ਉਤਸਵ, ਜੋ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਨਾਲ ਹੋ ਰਿਹਾ ਹੈ, ਪੰਜਾਬ ਕਲਾ ਭਵਨ ਵਿੱਚ 24 ਦਸੰਬਰ ਤੱਕ ਜਾਰੀ ਰਹੇਗਾ।
1947 ਦੀ ਦੇਸ਼ ਵੰਡ ਦਾ ਦਰਦ ਪੇਸ਼ ਕਰਦਾ ਨਾਟਕ ਅਸਗਰ ਵਜਾਹਤ ਨੇ 1980 ਵਿੱਚ ਲਿਖਿਆ ਸੀ। ਅੰਗਰੇਜ਼ੀ ਹਕੂਮਤ ਖ਼ਿਲਾਫ਼ ਚੱਲੇ ਸੁਤੰਤਰਤਾ ਅੰਦੋਲਨ ਤੋਂ ਬਾਅਦ ਆਜ਼ਾਦੀ ਤਾਂ ਮਿਲ ਗਈ, ਪਰ ਮੁਲਕ ਦਾ ਭਾਰਤ ਤੇ ਪਾਕਿਸਤਾਨ ਨਾਂ ਦੇ ਦੋ ਮੁਲਕਾਂ ਵਿੱਚ ਬਟਵਾਰਾ ਹੋ ਗਿਆ। ਇੱਕ ਹੀ ਦੇਸ਼ ਦੇ ਬਾਸ਼ਿੰਦੇ ਧਰਮ ਦੇ ਨਾਂ ’ਤੇ ਸਰਹੱਦ ਦੇ ਆਰ-ਪਾਰ ਜਾਣ ਲਈ ਮਜਬੂਰ ਹੋ ਗਏ।
ਨਾਟਕ ਦੀ ਕਹਾਣੀ ਲਖਨਊ ਤੋਂ ਲਾਹੌਰ ਗਏ ਮੁਸਲਿਮ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ, ਜਿਸਨੂੰ ਨਵੇਂ ਬਣੇ ਮੁਲਕ ਦੇ ਪ੍ਰਸ਼ਾਸਨ ਵੱਲੋਂ ਇੱਕ ਹਿੰਦੂ ਪਰਿਵਾਰ ਵੱਲੋਂ ਖਾਲੀ ਕੀਤੀ ਹਵੇਲੀ ਅਲਾਟ ਕੀਤੀ ਜਾਂਦੀ ਹੈ। ਨਾਟਕ ਓਦੋਂ ਤਿੱਖਾ ਮੋੜ ਕੱਟਦਾ ਹੈ, ਜਦੋਂ ਹਵੇਲੀ ਵਿੱਚ ਰਹਿੰਦੀ ਬਜ਼ੁਰਗ ਹਿੰਦੂ ਔਰਤ ਮਿਲਦੀ ਹੈ ਤੇ ਉਹ ਘਰ ਛੱਡਣ ਲਈ ਤਿਆਰ ਨਹੀਂ ਹੈ। ਨਿਯਮਾਂ ਮੁਤਾਬਕ ਖਾਲ੍ਹੀ ਘਰ ਹੀ ਹਿਜਰਤ ਕਰ ਕੇ ਗਏ ਪਰਿਵਾਰ ਨੂੰ ਦਿੱਤਾ ਜਾ ਸਕਦਾ ਸੀ।
ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਪਰਿਵਾਰ ਨੂੰ ਹਵੇਲੀ ਪਸੰਦ ਆ ਜਾਂਦੀ ਹੈ ਤੇ ਹਰ ਹੀਲੇ ਕਬਜ਼ਾ ਕਰਨਾ ਚਾਹੁੰਦਾ ਹੈ। ਉਹ ਪਹਿਲਾਂ ਤਾਂ ਕਿਵੇਂ ਨਾ ਕਿਵੇਂ ਬਜ਼ੁਰਗ ਔਰਤ ਤੋਂ ਛੁਟਕਾਰਾ ਪਾਉਣ ਦੀਆਂ ਤਰਕੀਬਾਂ ਲੜਾਉਦਾ ਹੈ, ਪਰ ਹੌਲੀ-ਹੌਲੀ ਮੁਸਲਿਮ ਪਰਿਵਾਰ ਦਾ ਹਿੰਦੂ ਮਾਈ ਨਾਲ ਪਿਆਰ ਵਧਦਾ ਜਾਂਦਾ ਹੈ। ਉਹ ਦੰਗਈਆਂ ਹੱਥੋਂ ਆਪਣਾ ਸਾਰਾ ਪਰਿਵਾਰ ਗਵਾ ਚੁੱਕੀ ਹੈ ਅਤੇ ਹੁਣ ਹਵੇਲੀ ਵਿੱਚ ਆਏ ਮੁਸਲਿਮ ਜੀਆਂ ਨੂੰ ਆਪਣਾ ਪਰਿਵਾਰ ਸਮਝਣ ਲਗਦੀ ਹੈ।
ਇਸ ਤਰ੍ਹਾਂ ਨਾਟਕ ਸੁਖਾਂਤ ਵੱਲ ਜਾਂਦਾ ਪ੍ਰਤੀਤ ਹੁੰਦਾ ਹੈ, ਪਰ ਨਵਾਂ ਮੋੜ ਕੱਟਦਾ ਹੈ, ਜਦੋਂ ਮੁਸਲਿਮ ਕੱਟੜਵਾਦੀ ਬਿਗਾਨੇ ਮੁਲਕ ਤੋਂ ਆਏ ਮੁਸਲਿਮ ਪਰਿਵਾਰ ਦੇ ਖ਼ਿਲਾਫ਼ ਆ ਖੜਦੇ ਹਨ, ਜੋ ਹਿੰਦੂ ਔਰਤ ਨੂੰ ਸਤਿਕਾਰ ਦੇ ਰਿਹਾ ਹੈ। ਇਹ ਟੱਕਰ ਦੋਵਾਂ ਮੁਲਕਾਂ ਦੇ ਵਿੱਚ ਫੈਲੀ ਫਿਰਕਾਪ੍ਰਸਤੀ ਨੂੰ ਬੇਪਰਦ ਕਰਦੀ ਹੈ ਅਤੇ ਉਨ੍ਹਾਂ ਕਿਰਦਾਰਾਂ ਨੂੰ ਵੀ ਕੇਂਦਰ ਵਿੱਚ ਲਿਆਉਂਦਾ ਹੈ, ਜਿਨ੍ਹਾਂ ਦਾ ਮੁਹੱਬਤੀ ਸੁਭਾਅ ਨਫ਼ਰਤੀ ਹਾਲਾਤ ਵਿੱਚ ਵੀ ਬਰਕਰਾਰ ਰਹਿੰਦਾ ਹੈ। ਇਸ ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਅਤੇ ਹਰਸ਼ਿਤਾ ਦਾ ਸੀ।