ਬਠਿੰਡਾ 19 ਦਸੰਬਰ (ਖ਼ਬਰ ਖਾਸ ਬਿਊਰੋ)
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਲੀਲ ਕਰਕੇ ਜਥੇਦਾਰੀ ਤੋ ਹਟਾਉਣ ਵਾਲੇ ਉਹ ਪਹਿਲੇ ਅਤੇ ਆਖਰੀ ਜਥੇਦਾਰ ਨਹੀਂ ਹੋਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਵੀਡਿਓ ਸੰਦੇਸ਼ ਵਿਚ ਕਿਹਾ ਕਿ ਅੰਤ੍ਰਿਗ ਕਮੇਟੀ ਵਲੋਂ ਲਏ ਗਏ ਫੈਸਲੇ ਦਾ ਉਹਨਾਂ ਕੋਈ ਇਤਰਾਜ਼ ਨਹੀਂ ਹੈ, ਬਲਕਿ ਪਹਿਲਾਂ ਹੀ ਇਹ ਇਲਮ ਸੀ। ਜਥੇਦਾਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਧੜੇ ਨੇ ਝੂਠੇ ਦੋਸ਼ ਮੇਰੇ ਉਤੇ ਲਗਵਾਏ ਹਨ, ਉਹੀ ਧੜਾ ਹੁਣ ਪੜਤਾਲ ਕਰਵਾ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਤਰਿੰਗ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਵਿਚ ਸ੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਦਾ ਜ਼ਿਲ੍ਹਾ ਪ੍ਰਧਾਨ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਲਏ ਜਾਣ ਵਾਲੇ ਫੈਸਲੇ ਉਤੇ ਕੋਈ ਫ਼ਿਕਰ ਜਾਂ ਚਿੰਤਾਂ ਨਹੀਂ ਹੈ। ਉਨਾਂ ਕਿਹਾ ਕਿ ਵਿਰੋਧੀ ਧੜੇ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਹੈ ਅਤੇ ਹੁਣ ਸਿਰਫ ਕਾਪੀ ਪੇਸਟ ਹੀ ਬਾਕੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸੇਵਾਵਾਂ ਬਰਖਾਸਤ ਕਰ ਦਿੱਤੀਆਂ ਗਈਆਂ ਤਾਂ ਉਹ ਖੁੱਲ ਕੇ ਸਿੱਖੀ ਦਾ ਪ੍ਰਚਾਰ ਕਰਨਗੇ। ਉਨਾਂ ਕਿਹਾ ਕਿ ਉਹ ਪੰਥ ਨੂੰ ਪਿੱਠ ਨਹੀਂ ਦਿਖਾਉਣਗੇ ਪੰਥ ਲਈ ਲੜਨਗੇ ਤੇ ਮਰ ਵੀ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆਪਣਾ ਸਪਸ਼ਟੀਕਰਣ ਦੇ ਚੁੱਕੇ ਹਨ।
ਜਥੇਦਾਰ ਨੇ ਕਿਹਾ ਕਿ ਉਨ੍ਹਾਂ ਦੀ ਪੰਥ ਅਤੇ ਸੰਗਤ ਨਾਲ ਸਾਂਝ ਬਣੀ ਰਹੇ ਇਹੀ ਅਕਾਲ ਪੁਰਖ ਅੱਗੇ ਅਰਦਾਸ ਹੈ। ਉਨਾਂ ਕਿਹਾ ਕਿ ਅਹੁੱਦੇ ਆਉਂਦੇ ਜਾਂਦੇ ਰਹਿੰਦੇ ਹਨ, ਪਰ ਪੰਥ ਅਤੇ ਸੰਗਤ ਨਾਲੋਂ ਸਾਂਝ ਨਹੀਂ ਟੁੱਟਣੀ ਚਾਹੀਦੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਈਟੀ ਵਿੰਗ ਨੇ ਕੁੱਝ ਸਵਾਲ ਉਨ੍ਹਾਂ ਤੋਂ ਪੁੱਛੇ ਹਨ, ਜਿਹਨਾਂ ਦਾ ਜਵਾਬ ਉਹ ਸ਼ਹੀਦੀ ਹਫਤੇ ਤੋਂ ਬਾਅਦ ਠੋਕ ਵਜਾ ਕੇ ਦੇਣਗੇ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਦੇ ਦਸ ਬਾਰਾਂ ਸਵਾਲ ਪੁੱਜ ਚੁੱਕੇ ਹਨ, ਜਿਨ੍ਹਾਂ ਦਾ ਜਵਾਬ ਮੈਂ ਠੋਕ ਵਜਾ ਕੇ ਦੇਵਾਂਗਾ, ਜਿਸ ਨਾਲ ਗਰਦ ਵੀ ਉੱਠੇਗੀ।
ਵਰਨਣਯੋਗ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਕੱਲ ਹੀ ਅਕਾਲੀ ਦਲ ਦੇ ਇਕ ਟੋਲੇ ਵਲੋਂ ਉਨਾਂ ਦੀ ਕਿਰਦਾਰਕੁਸ਼ੀ ਕਰਨ ਦਾ ਦੋਸ਼ ਲਾਇਆ ਸੀ। ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਬਿਆਨਬਾਜੀ਼ ਕਰ ਰਹੇ ਸਨ, ਪਰ ਅਕਾਲੀ ਲੀਡਰਸ਼ਿਪ ਨੇ ਵਿਰਸਾ ਸਿੰਘ ਵਲਟੋਹਾ ਨੂੰ ਸਮਝਾਉਣ ਦਾ ਯਤਨ ਨਹੀਂ ਕੀਤਾ। ਜਥੇਦਾਰ ਅਤੇ ਵਿਰਸਾ ਸਿੰਘ ਵਲਟੋਹਾ ਵਿਚਕਾਰ ਤਕਰਾਰ ਵੱਧਦਾ ਗਿਆ।
ਇਥੇ ਦੱਸਿਆ ਜਾਂਦਾ ਹੈ ਕਿ 15 ਅਕਤੂਬਰ ਨੂੰ ਵਿਰਸਾ ਸਿੰਘ ਵਲਟੋਹਾ ਅਕਾਲ ਤਖ਼ਤ ਸਾਹਿਬ ਉਤੇ ਪੇਸ਼ ਹੋਏ ਸਨ ਤਾਂ ਉਹਨਾਂ ਜਥੇਦਾਰ ਸਾਹਿਬ ਉਤੇ ਗੰਭੀਰ ਦੋਸ਼ ਲਾਏ ਸਨ। ਇਸ ਮੌਕੇ ਬਣੀ ਵੀਡਿਓ ਵਿਚੋ 27 ਸੈਕਿੰਡ ਦੀ ਵੀਡਿਓ ਜਨਤਕ ਕੀਤੀ ਗਈ ਸੀ। ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਕਰੀਬ ਡੇਢ ਘੰਟੇ ਦੀ ਵੀਡਿਓ ਹੈ, ਉਹ ਸਾਰੀ ਜਨਤਕ ਹੋਣੀ ਚਾਹੀਦੀ ਹੈ। ਜੇਕਰ ਕੋਈ ਇਹ ਵੀਡਿਓ ਦੇਖੇਗਾ ਤਾਂ ਲੋਕ ਕਹਿਣਗੇ ਕਿ ਇਸਦੇ ਖਿਲਾਫ਼ (ਵਲਟੋਹਾ) ਹੋਰ ਸਖ਼ਤ ਕਾਰਵਾਈ ਕਿਉਂ ਨਹੀ ਕੀਤੀ।
ਵਰਨਣਯੋਗ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ। ਉਸ ਵਕਤ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਅਸਤੀਫ਼ਾ ਵਾਪਸ ਲੈਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸਤੀਫ਼ਾ ਮੰਜੂਰ ਨਾ ਕਰਨ ਦੇ ਹੁਕਮ ਦਿੱਤੇ ਸਨ।
ਉਧਰ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਖਿਲਾਫ਼ ਪੰਥਕ ਹਲਕਿਆਂ ਵਿਚ ਵਿਰੋਧ ਦੀਆਂ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ।