ਚੰਡੀਗੜ੍ਹ 19 ਦਸੰਬਰ (ਖ਼ਬਰ ਖਾਸ ਬਿਊਰੋ)
ਸਾਬਕਾ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ ਨੇ ਕੇਂਦਰੀ ਗ੍ਰਹਿ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਅਮਿਤ ਸ਼ਾਹ ਨੂੰ ਸੰਸਦ ਵਿੱਚ ਮਾਫ਼ੀ ਮੰਗਣ ਦੀ ਸਲਾਹ ਦਿੱਤੀ ਹੈ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਿਤ ਸ਼ਾਹ ਨੂੰ ਮੰਤਰੀ ਮੰਡਲ ਵਿਚੋ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।
ਦੂਲੋਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਦਾ ਨਾਮ ਨਫ਼ਰਤ ਭਰੇ ਲਹਿਜ਼ੇ ਵਿਚ ਲਿਆ ਹੈ। ਉਨਾਂ ਕਿਹਾ ਕਿ ਡਾ ਅੰਬੇਦਕਰ ਸਾਹਿਬ ਦੇਸ਼ ਦੇ ਸੰਵਿਧਾਨ ਨਿਰਮਾਤਾ ਹਨ, ਜਿਹਨਾਂ ਨੇ ਹਰੇਕ ਵਰਗ ਨੂੰ ਹੱਕ ਦਿੱਤੇ ਹਨ, ਪਰ ਜਿਸ ਢੰਗ ਨਾਲ ਅਮਿਤ ਸਾਹ ਨੇ ਬਾਬਾ ਸਾਹਿਬ ਦਾ ਨਾਮ ਲਿਆ ਹੈ, ਉਹ ਨਾ ਸਿਰਫ਼ ਦਲਿਤ ਸਮਾਜ ਬਲਕਿ ਆਮ ਲੋਕ ਵੀ ਇਸਨੂੰ ਬਰਦਾਸ਼ਤ ਨਹੀਂ ਕਰ ਰਹੇ। ਜਿਸ ਕਰਕੇ ਦੇਸ਼ ਭਰ ਵਿਚ ਭਾਜਪਾ ਤੇ ਅਮਿਤ ਸ਼ਾਹ ਵਿਰੁੱਧ ਨਫ਼ਰਤ ਦੀ ਲਹਿਰ ਖੜੀ ਹੋ ਗਈ ਹੈ।
ਦੂਲੋ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਸੰਵਿਧਾਨ ਨਿਰਮਾਤਾ ਡਾ ਅੰਬੇਦਕਰ ਪ੍ਰਤੀ ਐਨੀ ਨਫ਼ਰਤ ਹੈ, ਫਿਰ ਭਾਜਪਾ ਵੋਟਾਂ ਵੇਲ੍ਹੇ ਵਾਰ ਵਾਰ ਬਾਬਾ ਸਾਹਿਬ ਨੂੰ ਯਾਦ ਕਿਉਂ ਕਰਦੀ ਹੈ। ਉਹਨਾੰ ਕਿਹਾ ਕਿ ਅਮਿਤ ਸ਼ਾਹ ਦੇ ਵਿਵਹਾਰ ਤੋ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਭਾਜਪਾ ਅੰਦਰ ਦਲਿਤ ਸਮਾਜ ਅਤੇ ਬਾਬਾ ਸਾਹਿਬ ਪ੍ਰਤੀ ਨਫ਼ਰਤ ਹੈ।
ਦੂਲੋ ਨੇ ਸਮੁੱਚੇ ਦਲਿਤ ਸਮਾਜ ਅਤੇ ਔਰਤਾਂ ਨੂੰ ਭਾਜਪਾ ਖਿਲਾਫ਼ ਸੜਕਾਂ ਉਤੇ ਆਉਣ ਦੀ ਅਪੀਲ ਕੀਤੀ ਹੈ ਕਿਉਕਿ ਸੰਵਿਧਾਨ ਵਿਚ ਬਾਬਾ ਸਾਹਿਬ ਨੇ ਔਰਤ ਜਾਤੀ ਲਈ ਵਿਸ਼ੇਸ਼ ਅਧਿਕਾਰ ਲੈ ਕੇ ਦਿੱਤੇ ਹਨ, ਜਦਕਿ ਪਹਿਲਾਂ ਔਰਤਾਂ ਨੂੰ ਪੜਨ ਲਿਖਣ, ਪ੍ਰਾਪਰਟੀ ਖਰੀਦਣ, ਇਥੋ ਤਕ ਕਿ ਧਾਰਮਿਕ ਸਥਾਨਾਂ ਵਿਚ ਜਾਣ ਦੀ ਵੀ ਮਨਾਹੀ ਸੀ। ਸਤੀ ਪ੍ਰਥਾ ਦਾ ਅੰਤ ਵੀ ਬਾਬਾ ਸਾਹਿਬ ਨੇ ਕੀਤਾ ਹੈ। ਇਸ ਲਈ ਸਮੁੱਚੇ ਲੋਕਾਂ ਨੂੰ ਬਾਬਾ ਸਾਹਿਬ ਦੇ ਹੱਕ ਵਿਚ ਖੜਾ ਹੋਣਾ ਚਾਹੀਦਾ ਹੈ।