ਰੂਪਨਗਰ, 26 ਨਵੰਬਰ (ਖ਼ਬਰ ਖਾਸ ਬਿਊਰੋ)
ਰੂਪਨਗਰ ਅਤੇ ਨੰਗਲ ਵੈਟਲੈਡ (ਨਮਧਰਤੀ) ਵਿੱਚ ਹਰ ਸਾਲ ਨਵੰਬਰ ਤੋਂ ਪ੍ਰਵਾਸੀ ਪੰਛੀਆਂ ਆਉਣੇ ਸ਼ੁਰੂ ਹੋ ਜਾਂਦੇ ਹਨ ਜੋ ਅਪਰੈਲ ਮਹੀਨੇ ਤੱਕ ਇੱਥੇ ਰਹਿੰਦੇ ਹਨ ਅਤੇ ਇਹ ਪ੍ਰਵਾਸੀ ਪੰਛੀ ਵੱਖ-ਵੱਖ ਦੇਸ਼ਾਂ ਤੋਂ ਆਉਦੇ ਹਨ। ਜਿਸ ਸਦਕਾ ਕੁਦਰਤੀ ਪ੍ਰੇਮੀਆਂ ਲਈ ਬਣਾਏ ਪੰਛੀ ਦੇਖਣ ਕੇਂਦਰ (ਬ੍ਰਡ ਵਾਚ ਸੈਂਟਰ) ਪ੍ਰਤੀ ਕੁਦਰਤ ਪ੍ਰੇਮੀਆਂ ਦਾ ਰੁਝਾਨ ਵੱਧਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਪੰਛੀ ਦੇਖਣ ਕੇਂਦਰ ਦਾ ਦੌਰਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਖੇ ਨੰਗਲ ਅਤੇ ਰੂਪਨਗਰ ਦੇ ਸਤਲੁਜ ਦੇ ਕਿਨਾਰਿਆਂ ਉਤੇ ਬਣੇ ਕੁਦਰਤੀ ਵੈਟਲੈਂਡ ਪ੍ਰਵਾਸੀ ਤੇ ਨਿਵਾਸੀ ਪੰਛੀਆਂ ਦੀ ਰਹਿਣ ਲਈ ਪਹਿਲੀ ਪਸੰਦ ਹੈ। ਇਹ ਖੇਤਰ ਪਹਾੜੀ ਇਲਾਕਾ ਅਤੇ ਮੈਦਾਨੀ ਜ਼ਮੀਨ ਦਾ ਮਿਸ਼ਰਣ ਹੈ ਜਿਸ ਵਿੱਚ ਬਹੁਤ ਸਾਰੇ ਦਰੱਖਤਾਂ, ਘਾਹਾਂ ਅਤੇ ਝਾੜੀਆਂ ਨਾਲ ਢੱਕਿਆ ਇੱਕ ਵਿਸ਼ਾਲ ਜਲ ਸਰੀਰ ਹੈ। ਜੋ ਇਸ ਇਲਾਕੇ ਨੂੰ ਵਿਲੱਖਣ ਅਤੇ ਅਲੌਕਿਕ ਦਿੱਖ ਦਿੰਦਾ ਹੈ ਜਿਸ ਸਦਕਾ ਇਹ ਪੰਛੀਆਂ ਅਤੇ ਜੀਵ ਜੰਤੂਆਂ ਸਮੇਤ ਕੁਦਰਤ ਨੂੰ ਪਸੰਦ ਕਰਨ ਵਾਲਿਆਂ ਨੂੰ ਆਕਰਸ਼ਕ ਕਰਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਉਤੇ ਅਗਲੇ ਸਾਲ ਦੇ ਫਰਵਰੀ ਮਹੀਨੇ ਦੌਰਾਨ ਇਨ੍ਹਾਂ ਪ੍ਰਵਾਸੀ ਪੰਛੀਆਂ ਨੂੰ ਸਮਰਪਿਤ ਪੰਛੀ ਉਤਸਵ ਵੀ ਮਨਾਇਆ ਜਾਵੇਗਾ ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਾਮਿਲ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਵਰਗ ਨੂੰ ਕੁਦਰਤ ਦੀ ਮਹੱਹਤਾ ਬਾਰੇ ਦੱਸਿਆ ਜਾ ਸਕੇ।
ਹਿਮਾਂਸ਼ੂ ਜੈਨ ਨੇ ਦੱਸਿਆ ਕਿ ਰੂਪਨਗਰ ਅਤੇ ਨੰਗਲ ਵੈਟਲੈਂਡ ਵਿਚ ਹਰ ਸਾਲ ਨਵੰਬਰ ਤੋਂ ਪ੍ਰਵਾਸੀ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਹਨ ਜਿਸ ਦੌਰਾਨ ਇਨ੍ਹਾਂ ਪੰਛੀਆਂ ਦੀ ਗਿਣਤੀ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਛੀਆਂ ਦੀ ਸਿਹਤ ਸੰਭਾਲ ਤੇ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਦੀ ਬਿੱਠਾਂ ਦੀ ਜਾਂਚ ਵੀ ਕੀਤੀ ਜਾਂਦੀ ਹੈ ਤਾਂ ਜੋ ਪੰਛੀਆਂ ਨੂੰ ਲੋੜ ਪੈਣ ਉਤੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੂਪਨਗਰ ਅਤੇ ਨੰਗਲ ਦੇ ਸਤਲੁਜ ਕੰਢੇ ਨਾਲ ਸਬੰਧਿਤ ਵੈਟਲੈਂਡ ਇਲਾਕੇ ਨੂੰ ਰਾਮਸਰ ਵੈਟਲੈਂਡ ਘੋਸ਼ਿਤ ਕੀਤਾ ਗਿਆ ਹੈ ਜੋ ਕਿ ਕ੍ਰਮਵਾਰ 13.65 ਸੁਕੇਅਰ ਕਿਲੋਮੀਟਰ ਅਤੇ 2.89 ਸੁਕੇਅਰ ਕਿਲੋਮੀਟਰ ਏਕੜ ਦੇ ਰਕਬੇ ਵਿਚ ਫੈਲਿਆ ਹੋਇਆ ਹੈ। ਜਦ ਕਿ ਨੰਗਲ ਵੈਟਲੈਂਡ ਆਪਣੇ ਮੂਲ ਨੀਲੇ-ਹਰੇ ਪਾਣੀ ਦੇ ਕਾਰਨ ਇੱਕ ਵਿਲੱਖਣ ਨਿਵਾਸ ਸਥਾਨ ਹੈ ਜੋ ਕਿ ਪ੍ਰਵਾਸੀ ਅਤੇ ਨਿਵਾਸੀ ਪੰਛੀਆਂ ਅਤੇ ਹੋਰ ਜਲਜੀ ਬਨਸਪਤੀਆਂ ਅਤੇ ਜੀਵ-ਜੰਤੂਆਂ ਲਈ ਇੱਕ ਵਧੀਆ ਨਿਵਾਸ ਸਥਾਨ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਇੱਥੇ 2 ਤੋਂ 2.5 ਹਜ਼ਾਰ ਦੇ ਕਰੀਬ 20 ਤੋਂ 22 ਕਿਸਮ ਦੇ ਪੰਛੀ ਇੱਥੇ ਪਹੁੰਚਦੇ ਹਨ ਜਿਨ੍ਹਾਂ ਦੀ ਸੁਰੱਖਿਆ ਲਈ ਇਨ੍ਹਾ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਇਨ੍ਹਾਂ ਪੰਛੀਆਂ ਦੀ ਆਮਦ ਨਾ ਘਟੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਸੁਰਖਾਬ, ਸਲੇਟੀ ਕਾਲੀ ਮੁਰਗੀ, ਲਾਲ ਸਿਰੀ ਬੱਤਖ, ਵੱਡੀ ਪਾਣੀ ਡੁੱਬੀ ਅਤੇ ਪਤਲੀ ਸੀਪ ਸਤਲੁਜ ਇਲਾਕੇ ਦੀ ਨਮਧਰਤੀ ਵਿਚ ਦੇਖਣ ਨੂੰ ਮਿਲ ਰਹੀ ਹੈ। ਜਿਸ ਲਈ ਜ਼ਿਲ੍ਹਾ ਜੀਵ ਜੰਤੂ ਸੁਰੱਖਿਆ ਵਿਭਾਗ ਵਲੋਂ ਪੰਛੀ ਦੇਖਣ ਕੇਂਦਰ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।