ਰੂਪਨਗਰ, 27 ਨਵੰਬਰ (ਖ਼ਬਰ ਖਾਸ ਬਿਊਰੋ)
ਕਪਤਾਨ ਪੁਲਿਸ ਰੂਪਨਗਰ (ਇਨਵੇਸਟੀਗੇਸ਼ਨ) ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਚਾਕੂ ਦੀ ਨੋਕ ਤੇ ਟੈਕਸੀ ਡਰਾਈਵਰ ਦੀ ਲੁੱਟ ਕਰਨ ਵਾਲੇ 2 ਦੋਸ਼ੀਆਂ ਨੂੰ 48 ਘੰਟਿਆ ਦੇ ਅੰਦਰ ਅੰਦਰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਕਪਤਾਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਭਾਸ਼ ਚੰਦ ਪੁੱਤਰ ਅਮਰ ਚੰਦ ਵਾਸੀ ਪਿੰਡ ਟਿੱਬਾ ਟੱਪਰੀਆਂ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਨੇ ਪੁਲਿਸ ਚੌਕੀ ਇਤਲਾਹ ਦਿੱਤੀ ਸੀ ਕਿ ਉਹ ਟੈਕਸੀ ਡਰਾਇਵਰ ਹੈ ਅਤੇ ਹਰ ਰੋਜ ਦੀ ਤਰ੍ਹਾਂ ਰੇਲਵੇ ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਬਾਹਰ ਟਰੇਨ ਵਿੱਚ ਉਤਰਦੀਆ ਸਵਾਰੀਆ ਲੈਣ ਲਈ ਆਪਣੀ ਕਾਰ ਨੰਬਰੀ PB-13BB-4163 ਮਾਰਕਾ ਇਨੋਵਾ ਲੈ ਕੇ ਖੜਾ ਸੀ ਤਾਂ ਕਰੀਬ ਸਵੇਰੇ 06 ਵਜ ਕੇ 20 ਮਿੰਟ ਤੇ ਉਸ ਦੀ ਕਾਰ ਪਾਸ 02 ਨਾ ਮਾਲੂਮ ਲੜਕੇ ਆਏ ਜਿਸ ਨੇ ਕਾਰ ਨੈਣਾ ਦੇਵੀ ਕੋਲਾ ਵਾਲਾ ਟੋਬਾ ਵਿਖੇ ਜਾਣ ਲਈ 300/- ਰੁਪਏ ਕਿਰਾਏ ਤੇ ਬੁੱਕ ਕੀਤੀ ਤੇ ਉਹ ਕਾਰ ਵਿੱਚ ਬੈਠ ਕੇ ਕੋਲਾ ਵਾਲਾ ਟੋਬਾ (ਹਿਮਾਚਲ ਪ੍ਰਦੇਸ਼) ਲਈ ਚੱਲ ਪਏ।
ਇਕ ਵਿਅਕਤੀ ਉਸ ਦੇ ਨਾਲ ਵਾਲੀ ਸੀਟ ਅਤੇ ਦੂਜਾ ਵਿਅਕਤੀ ਪਿਛਲੀ ਸੀਟ ਤੇ ਬੈਠ ਗਿਆ। ਜਦੋ ਕਾਰ ਲਮਲੈਹੜੀ ਯੂਨੀਕ ਹੋਟਲ ਤੋਂ ਥੋੜਾ ਪਿੱਛੇ ਪੁੱਜੀ ਤਾਂ ਕਾਰ ਵਿੱਚ ਪਿਛੇ ਬੈਠੇ ਲੜਕੇ ਨੇ ਉਸਦੀ ਗਰਦਨ ਤੇ ਚਾਕੂ ਰੱਖ ਕੇ ਕਾਰ ਰੁਕਵਾ ਲਈ ਅਤੇ ਨਾਲ ਵਾਲੀ ਸੀਟ ਤੇ ਬੈਠੇ ਵਿਅਕਤੀ ਉਸ ਪਾਸੋਂ ਮੋਬਾਇਲ ਲੈ ਲਿਆ ਅਤੇ ਪੈਂਟ ਦੀ ਜੇਬ ਵਿੱਚ ਪੈਸੇ ਕੱਢ ਕੇ ਉਸ ਨੂੰ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ ਤੇ ਦੋਨੋਂ ਵਿਅਕਤੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਤੇ ਮੁਕੱਦਮਾ ਨੰਬਰ 148 ਮਿਤੀ 24.11.2024 ਅ/ਧ 309 (4) 3(5) ਬੀ.ਐਨ.ਐਸ ਬਰਖਿਲਾਫ਼ ਨਾਮਲੂਲ ਵਿਅਕਤੀ ਦੇ ਰਜਿਸਟਰ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਉਪ ਕਪਤਾਨ ਪੁਲਿਸ ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਦਾਨਿਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਸਮੇਤ ਪੁਲਿਸ ਪਾਰਟੀ ਅਤੇ ਇੰਸਪੈਕਟਰ ਮਨਫੂਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਰੂਪਨਗਰ ਸਮੇਤ ਸੀ.ਆਈ.ਏ ਦੀਆਂ ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੋਸ਼ੀਆਂ ਦੀ ਤਲਾਸ਼ ਲਈ ਭੇਜੀਆ ਗਈਆ ਸਨ। ਜਿਸ ਸਬੰਧੀ ਸੀ.ਸੀ.ਟੀ.ਵੀ ਫੁਟੇਜ ਅਤੇ ਮੋਬਾਇਲ ਨੰਬਰਾਂ ਦੀ ਲੋਕੇਸ਼ਨ ਦੇ ਆਧਾਰ ਤੇ ਸਫਲਤਾ ਹਾਸਲ ਕਰਦੇ ਹੋਏ 48 ਘੰਟਿਆ ਦੇ ਅੰਦਰ-ਅੰਦਰ ਦੋਸ਼ੀ ਹਰਮਨ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੱਜੂਕੇ ਤਹਿ ਤਪਾ ਥਾਣਾ ਭਦੌੜ ਜ਼ਿਲ੍ਹਾ ਬਰਨਾਲਾ ਉਮਰ 19 ਸਾਲ ਅਤੇ ਕਰਨਵੀਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਭਦੌੜ ਜ਼ਿਲ੍ਹਾ ਬਰਨਾਲਾ ਨੂੰ ਸਮੇਤ ਖੋਹੀ ਹੋਈ PB-13BB-4163 ਮਾਰਕਾ ਇਨੋਵਾ ਦੇ ਮੋਗਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਅਪਰਾਧਕ ਪਿਛੋਕੜ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।