ਚੰਡੀਗੜ੍ਹ 12 ਜੂਨ (ਖ਼ਬਰ ਖਾਸ ਬਿਊਰੋ)
ਦੇਸ਼ ਵਿਚ ਜਨਗਣਨਾ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਮਰਦਮਸ਼ੁਮਾਰੀ ਦੇ ਪਹਿਲੇ ਦੌਰ ਵਿਚ ਘਰਾਂ , ਇਮਾਰਤਾਂ ਦੀ ਗਿਣਤੀ ਦੇ ਨਾਲ ਨਾਲ ਘਰਾਂ ਵਿਚ ਰਹਿਣ ਵਾਲਿਆਂ ਦੀ ਸੁੱਖ ਸੁਵਿਧਾਵਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਣੀ ਹੈ। ਇਹ ਜਾਣਕਾਰੀ ਮਰਦਮਸ਼ੁਮਾਰੀ ਦੇਕੰਮ ਵਿਚ ਲੱਗੇ ਮੁਲਾਜ਼ਮਾਂ ਯਾਨੀ ਗਿਣਤੀਕਾਰਾਂ ਨੇ ਘਰ ਦੇ ਮਾਲਕ ਵਲੋਂ ਦੱਸਣ ਨਾਲ ਹੂਬਹੂ ਦਰਜ਼ ਕਰਨੀ ਹੈ।
ਪਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਿਣਤੀਕਾਰਾਂ ਨੂੰ ਸੋਧੇ ਅਤੇ ਅਣਸੋਧੇ ਪਾਣੀ ਵਰਤ ਅਸਲ ਸਥਿਤੀ ਦੀ ਬਜਾਏ ਕੁੱਝ ਹੋਰ ਹੀ ਦਰਜ਼ ਕਰਨ ਬਾਰੇ ਦਬਾਅ ਬਣਾਇਆ ਗਿਆ। ਇਸਨੂੰ ਲੈ ਕੇ ਮੁਲਾਜ਼ਮ ਖਾਸਕਰਕੇ ਮਾਸਟਰ ਕਾਫ਼ੀ ਪਰੇਸ਼ਾਨ ਹਨ। ਮਾਸਟਰਾਂ ਦੀ ਪਰੇਸ਼ਾਨੀ ਦਾ ਇਕ ਕਾਰਨ ਇਹ ਵੀ ਹੈ ਕਿ ਸੀਨੀਅਰ ਅਧਿਆਪਕਾਂ ਨੂੰ ਗਿਣਤੀਕਾਰ ਲਗਾ ਦਿੱਤਾ ਗਿਆ ਅਤੇ ਜੂਨੀਅਨ ਨੂੰ ਸੁਪਰਵਾਈਜਰ। ਗਿਣਤੀਕਾਰ ਨੇ ਘਰ ਘਰ ਜਾ ਕੇ ਡਾਟਾ ਇਕੱਠਾ ਕਰਨਾ ਹੈ। ਇਕ ਸੁਪਰਵਾਈਜਰ ਦੇ ਅਧੀਨ ਛੇ ਤੋ ਅੱਠ ਗਿਣਤੀਕਾਰ ਆਉਂਦੇ ਹਨ। ਇਸ ਤਰਾਂ ਜੂਨੀਅਰ ਹੇਠਾਂ ਕੰਮ ਕਰਨ ਤੋ ਸਤਾਏ ਮੁਲਾਜ਼ਮਾਂ ਨੂੰ ਉਪਰ ਤੋਂ ਸੋਧੇ ਅਣਸੋਧੇ ਪਾਣੀ ਦੇ ਡਾਟੇ ਨੇ ਸੁੱਕਣੇ ਪਾ ਦਿੱਤਾ।
ਜਨਗਣਨਾ ਦੇ ਪਹਿਲਾ ਦੌਰ 15 ਮਈ ਤੋਂ 14 ਜੂਨ ਦੌਰਾਨ ਘਰਾਂ ਦੀ ਗਿਣਤੀ ਦਾ ਕੰਮ ਨੇਪਰੇ ਚਾੜਿਆ ਜਾਣਾ ਹੈ। ਵੱਖ ਵੱਖ ਤਰ੍ਹਾਂ ਦੇ 33 ਸਵਾਲਾਂ ਦੇ ਜਵਾਬ ਘਰ ਦੇ ਮਾਲਕ ਵਲੋਂ ਦੱਸਣ ਅਨੁਸਾਰ ਦਰਜ਼ ਕੀਤਾ ਜਾਣਾ ਹੈ। ਜਾਣਕਾਰੀ ਅਨੁਸਾਰ ਮਰਦਮਸ਼ੁਮਾਰੀ ਦੇ ਪਹਿਲੇ ਦੌਰ ਦਾ ਕੰਮ ਲੱਗਭਗ ਪੂਰਾ ਹੋਣ ਵਾਲਾ ਹੋ ਗਿਆ ਤਾਂ ਟੁਆਇਲੈੱਟਸ ਅਤੇ ਸੋਧੇ ਹੋਏ ਪਾਣੀ ਅਤੇ ਅਣਸੋਧੇ ਹੋਏ ਪਾਣੀ ਦੇ ਮਸਲੇ ਨੇ ਗਿਣਤੀਕਾਰਾਂ ਲਈ ਸਮੱਸਿਆ ਖੜੀ ਕਰ ਦਿੱਤੀ।
ਗਿਣਤੀਕਾਰਾਂ ਅਨੁਸਾਰ ਟ੍ਰੇਨਿੰਗ ਦੌਰਾਨ ਉਹਨਾਂ ਨੂੰ ਟੁਆਇਲੈਟਸ ਹੋਣ ਬਾਰੇ ਡਾਟਾ ਦਰਜ਼ ਕਰਨ ਲਈ ਕਿਹਾ ਗਿਆ ਸੀ। ਭਾਵ ਕੋਈ ਖੁੱਲੇ ਵਿਚ ਪਖਾਨਾ ਕਰਨ ਜਾਵੇ ਪਰ ਉਹਨਾਂ ਨੂੰ ਘਰ ਵਿਚ ਟੁਆਇਲੈਟਸ ਹੋਣ ਬਾਰੇ ਲਿਖਣ ਦੀ ਹਦਾਇਤ ਹੋਈ ਸੀ। ਵਾਟਰ ਵਰਕਸ (ਟੈਂਕੀ) ਤੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਅਣਸੋਧੇ ਪਾਣੀ ਦੀ ਕੈਟੇਗਰੀ ਵਿਚ ਸ਼ਾਮਲ ਕੀਤਾ ਗਿਆ । ਜਾਣਕਾਰੀ ਅਨੁਸਾਰ ਗਿਣਤੀਕਾਰਾਂ ਵਲੋਂ ਟੈਂਕੀ ਤੋਂ ਸਪਲਾਈ ਕੀਤੇ ਜਾਂਦੇ ਪਾਣੀ ਨੂੰ ਅਣਸੋਧੇ ਦੀ ਕੈਟੇਗਰੀ ਵਿਚ ਲਿਖੇ ਜਾਣ ਨਾਲ ਮਾਮਲਾ ਭਖ਼ ਗਿਆ। ਹੇਠਾਂ ਤੋ ਉਪਰ ਤੱਕ ਤਾਰਾਂ ਖੜਕ ਗਈਆਂ। ਕਈਆਂ ਨੂੰ ਡਰ ਸਤਾਉਣ ਲੱਗਿਆ। ਦੱਸਿਆ ਜਾਂਦਾ ਹੈ ਕਿ ਕਈ ਕਹਿਣ ਲੱਗੇ ਕਿ ਇਸ ਨਾਲ ਸੂਬੇ ਦੀ ਬਦਨਾਮੀ ਹੋਵੇਗੀ ਕਿ ਅਜ਼ਾਦੀ ਦੇ ਐਨੇ ਸਾਲ ਬੀਤ ਜਾਣ ਵੀ ਲੋਕ ਅਣਸੋਧਿਆ ਪਾਣੀ ਪੀ ਰਹੇ ਹਨ। ਟ੍ਰੇਨਿੰਗ ਦੌਰਾਨ ਅਧਿਆਪਕਾਂ ਜਾਂ ਹੋਰ ਮੁਲਾਜ਼ਮਾਂ ਨੂੰ ਟਿਊਬਵੈਲ ਜਾਂ ਵਾਟਰ ਵਰਕਸ ਤੋਂ ਕਲੋਰੀਨ ਪਾ ਕੇ ਸਪਲਾਈ ਕੀਤੇ ਜਾਂਦੇ ਪਾਣੀ ਨੂੰ ਸੋਧਿਆ ਪਾਣੀ ਨਹੀਂ ਮੰਨਣ ਬਾਰੇ ਕਿਹਾ ਗਿਆ ਸੀ। ਗਿਣਤੀਕਾਰਾਂ ਨੇ ਟੈਕੀ ਤੋਂ ਸਪਲਾਈ ਕੀਤੇ ਜਾਂਦੇ ਪਾਣੀ ਨੂੰ ਅਣਸੋਧੇ ਪਾਣੀ ਦੀ ਕੈਟਾਗਰੀ ਵਿਚ ਲਿਖ ਦਿੱਤਾ।
ਦੱਸਿਆ ਜਾਂਦਾ ਹੈ ਕਿ ਜਦੋ ਸਰਵੇਖਣ ਦਾ ਕੰਮ ਲੱਗਭੱਗ ਪੂਰਾ ਹੋਣ ਵਾਲਾ ਹੈ ਤਾਂ ਗਿਣਤੀਕਾਰਾਂ ਤੋ ਪਾਣੀ ਦੇ ਮੁੱਧੇ ਤੇ ਡਾਟਾ ਯਾਨੀ ਅਣਸੋਧੇ ਦੀ ਥਾਂ ਸੋਧਿਆ ਹੋਇਆ ਪਾਣੀ ਲਿਖਣ ਲਈ ਦਬਾਅ ਬਣਾਇਆ ਗਿਆ। ਬਹੁਤ ਸਾਰੇ ਗਿਣਤੀਕਾਰਾਂ ਨੇ ਇਹ ਡਾਟਾ ਸੋਧ ਕਰਕੇ ਦੁਬਾਰਾ ਦਰਜ਼ ਵੀ ਕਰ ਦਿੱਤਾ ਹੈ। ਪਰ ਇਹ ਗੱਲ ਸਮਝ ਨਹੀ ਲੱਗ ਰਹੀ ਕਿ ਸੋਧੇ ਤੇ ਅਣਸੋਧੇ ਪਾਣੀ ਦੇ ਮਸਲੇ ਉਤੇ ਅਸਲ ਤਸਵੀਰ ਕਿਉਂ ਛਪਾਈ ਜਾ ਰਹੀ ਹੈ।