ਗਿੱਦੜਬਾਹਾ (ਮੁਕਤਸਰ), 11 ਨਵੰਬਰ (ਖ਼ਬਰ ਖਾਸ ਬਿਊਰੋ)
ਸਾਬਕਾ ਵਿੱਤ ਮੰਤਰੀ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅੱਜ ਇੱਕ ਕਿਸਾਨ ਆਗੂ ਨਾਲ ਗੱਲਬਾਤ ਕਰਦੇ ਹੋਏ ਉਸ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਆਪਣੀ ਐੱਸਯੂਵੀ ਵਿੱਚ ਸਵਾਰ ਹੋ ਕੇ ਉੱਥੋਂ ਨਿਕਲ ਗਏ।
ਜ਼ਿਕਰਯੋਗ ਹੈ ਕਿ ਮਨਪ੍ਰਤੀ ਬਾਦਲ ਅੱਜ ਸਵੇਰੇ ਆਪਣੇ ਚੋਣ ਪ੍ਰਚਾਰ ਲਈ ਇਕ ਪਿੰਡ ਵਿੱਚ ਗਏ ਸਨ, ਜਿੱਥੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਇੱਕ ਕਾਰਕੁਨ ਬਿੱਟੂ ਮੱਲਣ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕੁੱਝ ਸਵਾਲ ਪੁੱਛੇ। ਇਸ ਸਬੰਧੀ ਕੁੱਝ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕੀਤੀ ਗਈ ਗਈ ਹੈ।
ਇਸ ਦੌਰਾਨ ਭਾਵੇਂ ਮਨਪ੍ਰੀਤ ਬਾਦਲ ਨੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਅਤੇ ਗਿੱਦੜਬਾਹਾ ਤੋਂ ਵਿਧਾਇਕ ਵਜੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੁਝ ਕਿਸਾਨ ਪੱਖੀ ਕੰਮਾਂ ਦੀ ਸੂਚੀ ਵੀ ਦਿੱਤੀ, ਪਰ ਜਦੋਂ ਕਿਸਾਨ ਆਗੂ ਨੇ ਕਿਸਾਨ ਸ਼ੁਭਕਰਨ ਸਿੰਘ ਅਤੇ ਝੋਨੇ ਬਾਰੇ ਸਵਾਲ ਪੁੱਛਿਆ ਤਾਂ ਮਨਪ੍ਰੀਤ ਬਾਦਲ ਗੱਲਬਾਤ ਛੱਡ ਆਪਣੀ ਗੱਡੀ ਵਿੱਚ ਬੈਠ ਕੇ ਉੱਥੋਂ ਤੁਰਦੇ ਬਣੇ। ਗ਼ੌਰਤਲਬ ਹੈ ਕਿ ਕਿਸਾਨ ਸ਼ੁਭਕਰਨ ਸਿੰਘ ਦੀ ਕਿਸਾਨ ਅੰਦੋਲਨ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਭਾਜਪਾ ਆਗੂਆਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਨੇ ਪਿੱਛੇ ਜਿਹੇ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਗਿੱਦੜਬਾਹਾ ਵਿੱਚ ਮਨਪ੍ਰੀਤ ਦੇ ਦਫ਼ਤਰ ਦੇ ਬਾਹਰ ਧਰਨਾ ਵੀ ਦੇ ਰਹੇ ਹਨ।