BKU ਉਗਰਾਹਾਂ ਧੜੇ ਨੇ17 ਜ਼ਿਲ੍ਹਿਆਂ ਵਿਚ ਤਿੰਨ ਘੰਟਿਆਂ ਲਈ ਸੜਕੀ ਤੇ ਰੇਲਵੇ ਮਾਰਗ ਕੀਤੇ ਜਾਮ

ਚੰਡੀਗੜ੍ਹ 13 ਅਕਤੂਬਰ (ਖ਼ਬਰ ਖਾਸ ਬਿਊਰੋ )

ਪੰਜਾਬ ਦੀਆਂ ਮੰਡੀਆਂ ਵਿੱਚ ਰੁਲ਼ ਰਹੇ ਝੋਨੇ ਦੀ ਪੂਰੀ ਐੱਮ ਐੱਸ ਪੀ ‘ਤੇ ਖਰੀਦ ਅਤੇ ਨਾਲੋ ਨਾਲ ਚੁਕਾਈ ਦੇ ਦਿਨੋਂ ਦਿਨ ਵਿਗੜ ਰਹੇ ਮਸਲੇ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬਟਾਲਾ (ਗੁਰਦਾਸਪੁਰ), ਸ਼ਾਹਕੋਟ (ਜਲੰਧਰ), ਬਠਿੰਡਾ ਜੰਕਸ਼ਨ, ਅਜੀਤਵਾਲ (ਮੋਗਾ), ਵੱਲਾ ਫਾਟਕ (ਅੰਮ੍ਰਿਤਸਰ), ਪੱਟੀ (ਤਰਨਤਾਰਨ), ਮਲੋਟ (ਮੁਕਤਸਰ), ਜਲਾਲਾਬਾਦ (ਫਾਜ਼ਿਲਕਾ), ਕੋਟਕਪੂਰਾ (ਫਰੀਦਕੋਟ), ਮਾਨਸਾ, ਧਬਲਾਨ (ਪਟਿਆਲਾ) ਸੁਨਾਮ (ਸੰਗਰੂਰ), ਮਲੇਰਕੋਟਲਾ, ਕਿਲਾ ਰਾਏਪੁਰ (ਲੁਧਿਆਣਾ) ਲਾਲੜੂ (ਮੋਹਾਲੀ), ਤਲਵੰਡੀ ਭਾਈ (ਫਿਰੋਜ਼ਪੁਰ) ਅਤੇ ਮੰਡਿਆਲਾ (ਹੁਸ਼ਿਆਰਪੁਰ) ਰੇਲਵੇ ਸਟੇਸ਼ਨਾਂ ਉੱਤੇ ਲਾਏ ਗਏ ਰੇਲ ਜਾਮ ਧਰਨਿਆਂ ਵਿੱਚ ਸੈਂਕੜੇ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ।।

ਹੋਰ ਪੜ੍ਹੋ 👉  ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਮੁੱਖ ਮੰਤਰੀ ਨੇ ਲਿਆ ਜਾਇਜਾ, ਕਹੀ ਇਹ ਗੱਲ

ਵੱਖ ਵੱਖ ਥਾਵਾਂ ‘ਤੇ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਜ਼ਿਲ੍ਹਾ ਬਲਾਕ ਪੱਧਰੇ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੰਸਾਰ ਬੈਂਕ ਦੀ ਖੁੱਲ੍ਹੀ ਮੰਡੀ ਦੀ ਨੀਤੀ ਵੱਲ ਅੱਗੇ ਵਧਣ ਲਈ ਹੀ ਦੋਨਾਂ ਸਰਕਾਰਾਂ ਵੱਲੋਂ ਕਦਮਤਾਲ ਮਿਲਾ ਕੇ ਕਿਸਾਨਾਂ ਦੀ ਲਹੂ ਪਸੀਨੇ ਦੀ ਕਮਾਈ ਪੈਰਾਂ ਹੇਠ ਰੋਲ਼ੀ ਜਾ ਰਹੀ ਹੈ। ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਸਮੇਂ ਸਿਰ ਖਰੀਦ ਅਤੇ ਚੁਕਾਈ ਦੀ ਗੰਭੀਰ ਬਣ ਚੁੱਕੀ ਸਮੱਸਿਆ ਦੇ ਹੱਲ ਲਈ ਵਾਰ ਵਾਰ ਕੀਤੀ ਜਾ ਰਹੀ ਮੰਗ ਨੂੰ ਦੋਨਾਂ ਸਰਕਾਰਾਂ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਦੇਸ਼ ਦੇ ਅੰਨਦਾਤੇ ਨੂੰ ਮੰਡੀਆਂ ਵਿੱਚ ਖੱਜਲਖੁਆਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਅਗਲੀ ਫ਼ਸਲ ਦੀ ਬਿਜਾਈ ਵਿੱਚ ਪਛੇਤ ਪਾਈ ਜਾ ਰਹੀ ਹੈ।

ਹੋਰ ਪੜ੍ਹੋ 👉  ਪੰਜਾਬ ਵਿੱਚ 21 ਸਰਕਾਰੀ ਕਾਲਜਾਂ ਨੂੰ ਨਵੇਂ ਪ੍ਰਿੰਸੀਪਲ ਮਿਲੇ

ਬੁਲਾਰਿਆਂ ਨੇ ਇੱਕਸੁਰ ਹੋ ਕੇ ਮੰਗ ਕੀਤੀ ਕਿ ਝੋਨੇ ਦੀ ਖਰੀਦ ਅਤੇ ਚੁਕਾਈ ਦੇ ਪੁਖਤਾ ਪ੍ਰਬੰਧ ਤੁਰੰਤ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਮੰਗ ਤੁਰੰਤ ਪੂਰੀ ਨਾ ਕਰਨ ਦੀ ਸੂਰਤ ਵਿੱਚ ਸਰਕਾਰਾਂ ਨੂੰ ਹੋਰ ਤਿੱਖੇ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਫੌਰੀ ਸੱਦੇ ਨੂੰ ਭਰਵਾਂ ਹੁੰਗਾਰਾ ਭਰਨ ਲਈ ਰੇਲ ਜਾਮ ਧਰਨਿਆਂ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਮਜ਼ਦੂਰ ਭੈਣਾਂ ਭਰਾਵਾਂ ਦਾ ਧੰਨਵਾਦ ਕੀਤਾ ਅਤੇ ਇਸ ਸੰਘਰਸ਼ ਦੇ ਅਗਲੇ ਸੱਏ ਨੂੰ ਹੋਰ ਵੀ ਜੋਰ ਨਾਲ ਲਾਗੂ ਕਰਨ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ ਗਈ।

ਹੋਰ ਪੜ੍ਹੋ 👉  ਸਰਕਾਰ ਚੜ੍ਹਦੀਕਲਾ ਫੰਡ ਰਾਹੀਂ ਇਕੱਠੇ ਕੀਤੇ ਪੈਸੇ ਦੇ ਵੇਰਵੇ ਜਨਤਕ ਕਰੇ: ਅਕਾਲੀ ਦਲ

Leave a Reply

Your email address will not be published. Required fields are marked *