ਕਿਉਂ ਛੱਡਿਆ ਡਾ ਸੁੱਖੀ ਨੇ ਸੁਖਬੀਰ ਦਾ ਸਾਥ

ਚੰਡੀਗੜ੍ਹ 14 ਅਗਸਤ, ( ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਵਿਰੁੱਧ ਚੱਲ ਰਹੀ ਹਵਾ ਦੇ ਵਿਚ ਲਗਾਤਾਰ ਦੋ ਵਾਰ ਬੰਗਾ (ਨਵਾਸ਼ਹਿਰ) ਵਿਧਾਨ ਸਭਾ ਹਲਕਾ ਤੋਂ  ਵਿਧਾਇਕ ਬਣੇ ਡਾ ਸੁਖਵਿੰਦਰ ਸੁੱਖੀ ਦਾ ਅਕਾਲੀ ਦਲ  ਤੋਂ ਮੋਹ ਭੰਗ ਹੋ ਗਿਆ ਅਤੇ ਉਹ ਬੁੱਧਵਾਰ ਸਵੇਰੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਸਕੱਤਰ ਜਨਰਲ ਡਾ ਸੰਦੀਪ ਪਾਠਕ ਦੀ ਹਾਜ਼ਰੀ ਵਿਚ ਡਾ ਸੁਖਵਿੰਦਰ ਸੁੱਖੀ ਤੇ ਉਹਨਾਂ ਦੇ ਕੁੱਝ ਸਮਰਥਕਾਂ ਨੂੰ ਆਪ ਵਿਚ ਸ਼ਾਮਲ ਕੀਤਾ।

ਡਾਕਟਰ ਸੁੱਖੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਸਨ,  ਪਰ ਆਖ਼ਰ ਕੀ ਵਜਾ ਰਹੀ ਕਿ ਉਹ ਅਕਾਲੀ ਦਲ ਦਾ ਸਾਥ ਛੱਡ ਗਏ। ਜਦਕਿ ਡਾ ਸੁਖੀ ਅਕਸਰ ਇਹ ਕਹਿੰਦੇ ਰਹੇ ਹਨ ਕਿ ਉਹ ਸੁਖਬੀਰ ਨਾਲ ਜੁੜੇ ਹੋਏ ਹਨ, ਕਿਸੇ ਹੋਰ ਪਾਰਟੀ ਵਿਚ ਜਾਣ ਨਾਲੋ ਘਰ ਬੈਠਣਾ ਬਿਹਤਰ ਹੋਵੇਗਾ। ਹਾਲਾਂਕਿ ਡਾਕਟਰ ਸੁਖਵਿੰਦਰ ਸੁੱਖੀ ਨੇ ਆਪ ਵਿਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੀ ਸੁਖਬੀਰ ਸਿੰਘ ਬਾਦਲ ਨਾਲ ਕੋਈ ਨਰਾਜ਼ਗੀ ਨਹੀਂ ਹੈ, ਉਹ ਆਪਣੇ ਹਲਕੇ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। 

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਉਧਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਡਾਕਟਰ ਸੁੱਖੀ ਵੱਲੋ ਪਾਰਟੀ ਨੂੰ ਛੱਡਣਾ ਮੰਦਭਾਗਾ ਹੈ। ਇਹ ਅਕਾਲੀ ਦਲ ਨੂੰ ਬੁਹਤ ਵੱਡਾ ਝਟਕਾ ਲੱਗਾ ਹੈ। ਪਾਰਟੀ ਕੋਲ ਮਹਿਜ ਤਿੰਨ ਹੀ ਵਿਧਾਇਕ ਸਨ। ਮਨਪ੍ਰੀਤ ਇਯਾਲੀ ਪਹਿਲਾਂ ਹੀ ਨਰਾਜ਼ ਚੱਲ ਰਹੇ ਹਨ।

ਦਰਅਸਲ ਡਾ ਸੁੱਖੀ ਲਗਾਤਾਰ ਦੋ ਵਾਰ ਵਿਧਾਇਕ ਬਣੇ ਹਨ ਅਤੇ ਦੋਵੇਂ ਵਾਰ ਉਹ ਵਿਰੋਧੀ ਧਿਰ ਵਿਚ ਰਹੇ ਹਨ। ਵਿਧਾਇਕ ਹੋਣ ਦੇ ਨਾਤੇ ਜਿਸ ਢੰਗ ਨਾਲ ਹਲਕੇ ਦੇ ਵਿਕਾਸ ਕਾਰਜ਼ ਜਾਂ ਲੋਕਾਂ ਦੇ ਕੰਮ ਹੋਣੇ  ਚਾਹੀਦੇ ਹਨ, ਉਹ ਵਿਰੋਧੀ ਧਿਰ ਵਿਚ ਹੋਣ ਕਰਕੇ ਕਰਵਾਉਣੇ ਵੀ ਔਖੇ ਸਨ। ਸਰਕਾਰੀ ਮਸ਼ੀਨਰੀ ਵੀ ਸਰਕਾਰ ਦੇ ਨਾਲ ਚੱਲਦੀ ਹੈ । ਅਫ਼ਸਰਾਂ ਵਾਸਤੇ ਵਿਧਾਇਕ ਨਹੀਂ ਬਲਕਿ ਹਲਕਾ ਇੰਚਾਰਜ ਵਧੇਰੇ ਮਹੱਤਵਪੂਰਨ ਹੁੰਦਾ ਹੈ। ਜਦਕਿ ਲੋਕ ਵਿਧਾਇਕ ਕੋਲੋ ਵਧੇਰੇ ਕੰਮ ਕਰਵਾਉਣ ਦੀ ਤਵੱਕੋ ਰੱਖਦੇ ਹਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਦੱਸਿਆ ਜਾਂਦਾ ਹੈ ਕਿ ਡਾ ਸੁੱਖੀ ਦੀ ਆਪ ਵਿਚ ਸ਼ਾਮਲ ਹੋਣ ਦੀ ਵਜਾ ਇਹ ਵੀ ਹੈ ਕਿ ਉਹ ਮਹਿਸ਼ੂਸ਼ ਕਰ ਰਹੇ ਹਨ ਕਿ ਮੁੱਖ ਮੰਤਰੀ ਜਾਂ ਆਪ ਸਰਕਾਰ ਬੰਗਾ ਹਲਕੇ ਦਾ ਵਿਕਾਸ ਕਰਵਾਉਣਾ ਚਾਹੁੰਦੀ ਹੈ ਕਿਉਂਕਿ  ਆਪ ਲੀਡਰਸ਼ਿਪ ਸ਼ਹੀਦ ਭਗਤ ਸਿੰਘ ਅਤੇ ਡਾ ਭੀਮ ਰਾਓ ਅੰਬੇਦਕਰ ਨੂੰ ਬਹੁਤ ਮਹੱਤਵ ਦੇ ਰਹੀ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਸਹੁੰ ਵੀ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਚੁ੍ਕੀ ਸੀ, ਉਹਨਾਂ ਨੂੰ ਲੱਗਦਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਜੱਦੀ  ਪਿੰਡ ਜਾਂ ਖੇਤਰ ਹੋਣ ਕਰਕੇ ਇਲਾਕੇ ਦਾ ਬੇਹਤਰ ਵਿਕਾਸ ਹੋ ਸਕਦਾ ਹੈ। ਮੁੱਖ ਮੰਤਰੀ ਨੇ ਡਾ ਸੁਖੀ ਨੂੰ ਬੰਗਾ ਹਲਕੇ ਵਿਚ ਇਕ ਮੈਡੀਕਲ ਕਾਲਜ ਖੋਲਣ ਦਾ ਭਰੋਸਾ ਵੀ ਦਿੱਤਾ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਡਾ ਸੁੱਖੀ ਨੇ ਕਿਹਾ ਕਿ ਉਹਨਾਂ ਨੇ ਇਕ ਭ੍ਰਿਸ਼ਟ ਨਾਇਬ ਤਹਿਸੀਲਦਾਰ ਦਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਸੀ, ਪਰ ਉਹਨਾਂ ਦੇ ਹਲਕੇ ਵਿਚ ਆਉਣ ਤੋ ਪਹਿਲਾਂ ਹੀ ਉਹ ਮੁਅਤਲ ਹੋ ਚੁੱਕਾ ਸੀ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਾ ਸੁੱਖੀ ਹਮੇਸ਼ਾਂ ਵਿਧਾਨ ਸਭਾ ਵਿਚ ਮੁੱਦੇ ਦੀ ਗੱਲ ਕਰਦੇ ਹਨ। ਉਹ ਹਮੇਸ਼ਾ ਆਪਣੇ ਇਲਾਕੇ ਅਤੇ ਲੋਕਾਂ ਲਈ ਜੱਦੋਜਹਿਦ ਕਰਦੇ ਰਹੇ ਹਨ। ਉਹ ਡਾ ਬੀ ਆਰ ਅੰਬੇਦਕਰ ਦੇ ਸਿਧਾਂਤ ਉਤੇ ਚੱਲ ਰਹੇ ਹਨ।

ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੀ ਉਮੀਦ ਲੈ ਕੇ ਡਾ ਸੁਖਵਿੰਦਰ ਸੁੱਖੀ ਆਪ ਵਿਚ ਸ਼ਾਮਲ ਹੋਏ ਕੀ ਉਸਨੂੰ ਬੂਰ ਪਵੇਗਾ। ਕੀ ਸੱਚਮੁੱਚ ਆਪ ਸਰਕਾਰ ਖਾਸਕਰਕੇ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਖਿੱਤੇ ਦੀ ਕਾਇਆ ਕਲਪ ਕਰਨਗੇ ਜਾਂ ਫਿਰ ਪਿਛਲੀਆਂ ਸਰਕਾਰਾਂ ਵਾਂਗ ਹੀ ਹਲਕਾ ਅਣਗੌਲਿਆ ਰਹਿ ਜਾਵੇਗਾ ਅਤੇ  ਲੋਕ ਇਹੀ ਗੀਤ ਗਾਉਣਗੇ ਕਿ -“ਭਗਤ, ਸਰਾਭਾ ਰਾਜਗੁਰੂ ਬੱਸ ਫੁੱਲਾਂ ਜੋਗੇ ਰਹਿ ਗਏ”

Leave a Reply

Your email address will not be published. Required fields are marked *