ਪ੍ਰਿੰ. ਸਰਵਣ ਸਿੰਘ ਨੇ ਆਪਣਾ ‘ਖੇਡ ਰਤਨ’ ਪੁਰਸਕਾਰ ਵਿਨੇਸ਼ ਫੋਗਟ ਨੂੰ ਦੇਣ ਦਾ ਕੀਤਾ ਐਲਾਨ

ਕਿਹਾ, ਧੀਏ! ਅਸੀਂ ਤੈਨੂੰ ਹਾਰੀ ਨਹੀਂ, ਜਿੱਤੀ ਮੰਨਦੇ ਹਾਂ

ਚੰਡੀਗੜ੍ਹ 13 ਅਗਸਤ (ਖ਼ਬਰ ਖਾਸ ਬਿਊਰੋ)

ਭਾਰਤੀ ਕੁਸ਼ਤੀ ਦਾ ਮਾਣ, ਖ਼ਾਸ ਕਰਕੇ ਔਰਤਾਂ ਦੀ ਆਣ ਅਣਖ ਦੀ ਸ਼ਾਨ ਬੀਬੀ ਵਿਨੇਸ਼ ਫੋਗਟ ਦਾ ਸਨਮਾਨ ਭਾਰਤ ਦੇ ਕਰੋੜਾਂ ਲੋਕਾਂ ਵੱਲੋਂ ਹਰ ਹਾਲਤ ਵਿੱਚ ਕੀਤਾ ਜਾਵੇਗਾ। ਸਾਧਾਰਨ ਘਰ ਦੀ ਜਾਈ ਸਾਡੀ ਧੀ ਨੇ ਕੁਸ਼ਤੀਆਂ ਤੇ ਔਰਤਾਂ ਦੀ ਪੱਤ ਦੀ ਰਾਖੀ ਲਈ ਜੋ ਸੰਘਰਸ਼ ਲੜਿਆ ਹੈ, ਉਹ ਕਰੋੜਾਂ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੈ। ਅਸੀਂ ਲੇਖਕ ਲੋਕ ਕਲਮਾਂ ਨਾਲ ਉਸ ਸੰਘਰਸ਼ ਦਾ ਭਾਗ ਬਣਨ ਵਾਲੇ ਹਾਂ।

ਸਾਡੇ ਦੇਸ਼ ਦੀ ਇਸ ਧੀ ਨੇ ਬੜਾ ਜਫ਼ਰ ਜਾਲ ਕੇ ਰਾਸ਼ਟਰੀ, ਅੰਤਰਰਾਸ਼ਟਰੀ, ਏਸ਼ਿਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਵਿੱਚੋਂ ਤਾਂ ਬੜੇ ਮੈਡਲ ਜਿੱਤੇ ਸਨ। ਅੰਤਾਂ ਦੀ ਮਿਹਨਤ ਕਰ ਕੇ, ਸਿਦਕ ਪਾਲ ਕੇ, ਜਰਵਾਣੇ ਖੇਡ ਸਿਆਸਤਦਾਨਾਂ ਵਿਰੁੱਧ ਲੜ ਕੇ, ਦੁੱਖੜੇ ਝੱਲ ਕੇ, ਉਹ ਪੈਰਿਸ ਦੀਆਂ ਓਲੰਪਿਕ ਖੇਡਾਂ ਵਿੱਚ ਵੀ ਪਹੁੰਚ ਗਈ ਸੀ। ਪ੍ਰੀ ਕੁਆਟਰ, ਕੁਆਟਰ ਫਾਈਨਲ ਤੇ ਸੈਮੀ ਫਾਈਨਲ ਮੁਕਾਬਲੇ ਜਿੱਤ ਕੇ ਸੋਨੇ/ਚਾਂਦੀ ਦਾ ਮੈਡਲ ਗਲ ਪੁਆਉਣ ਲਈ ਵੀ ਕੁਆਲੀਫਾਈ ਕਰ ਗਈ ਸੀ ਪਰ ਅਜੇ ਤਕ ਉਸ ਨੂੰ ਕੋਈ ਓਲੰਪਿਕ ਮੈਡਲ ਨਹੀਂ ਮਿਲਿਆ। 50 ਕਿਲੋ ਤੋਂ ਘੱਟ ਸਰੀਰਕ ਵਜ਼ਨ ਨਾਲ ਸੈਮੀ ਫਾਈਨਲ ਕੁਸ਼ਤੀ ਜਿੱਤ ਕੇ ਉਹ ਘੱਟੋ-ਘੱਟ ਚਾਂਦੀ ਦਾ ਓਲੰਪਿਕ ਮੈਡਲ ਤਾਂ ਜਿੱਤ ਹੀ ਗਈ ਸੀ। ਪਰ ਕੇਸ ਅਜੇ ਕੋਰਟ ਵਿੱਚ ਹੈ ਜਿਸ ਦਾ ਫੈਸਲਾ 13 ਅਗੱਸਤ ਨੂੰ ਸੁਣਾਇਆ ਜਾਣਾ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਓਲੰਪਿਕ ਖੇਡਾਂ ਦਾ ਮੇਲਾ ਮੁੱਕ ਚੁੱਕੈ। ਮੈਡਲ ਵੰਡੇ ਜਾ ਚੁੱਕੇ ਨੇ। ਹੁਣ ‘ਮਹਾਨ’ ਦੇਸ਼ ਦੀ ਮਹਾਨ ਧੀ ਵਿਨੇਸ਼ ਫੋਗਟ ਨੂੰ, ਜੋ ਦੇਸ਼ ਦੀ ਇੱਜ਼ਤ, ਅਣਖ ਅਤੇ ਸ਼ਾਨ ਲਈ ਜੂਝੀ ਹੈ, ਉਸ ਨੂੰ ਦੇਸ਼ ਦੇ ਕਰੋੜਾਂ ਲੋਕ ‘ਮਹਾਨ ਲੋਕ ਸਨਮਾਨ’ ਨਾਲ ਸਨਮਾਨਿਤ ਕਰਨਗੇ।

ਖੇਡ ਲੇਖਣ ਤੇ ਖੇਡ ਪ੍ਰਮੋਸ਼ਨ ਨਮਿੱਤ ਮੇਰੀਆਂ ਉਮਰ ਭਰ ਦੀਆਂ ਤੁੱਛ ਸੇਵਾਵਾਂ ਲਈ ਖੇਡ ਪ੍ਰੇਮੀਆਂ ਨੇ ਮੈਨੂੰ 2023 ਦੇ ‘ਪੁਰੇਵਾਲ ਖੇਡ ਮੇਲੇ’ ਵਿੱਚ ‘ਖੇਡ ਰਤਨ’ ਪੁਰਸਕਾਰ ਨਾਲ ਸਨਮਾਨਿਆ ਸੀ। ਉਸ ਪੁਰਸਕਾਰ ਵਿੱਚ ਸ਼ੁਧ ਸੋਨੇ ਦਾ ਇੱਕ ਮੈਡਲ ਵੀ ਸੀ। ਦੇਸ਼ ਦੀ ਜੁਝਾਰੂ ਧੀ ਵਿਨੇਸ਼ ਦੇ ਸਿਰ `ਤੇ ਹੱਥ ਰੱਖਦਾ, ਉਸ ਨੂੰ ਧਰਵਾਸ ਦਿੰਦਾ ਮੈਂ ਆਪਣਾ ‘ਖੇਡ ਰਤਨ’ ਦਾ ਮੈਡਲ ਉਸ ਦੀ ਝੋਲੀ ਪਾ ਰਿਹਾਂ। ਮੈਨੂੰ ਆਸ ਹੈ ‘ਲੋਕ ਸਨਮਾਨ’ ਦੇਣ ਵਾਲੇ ਸੱਜਣ ਅਤੇ ਸਾਡੀ ਬਹਾਦਰ ਬੀਬੀ ਵਿਨੇਸ਼ ਮੇਰੀ ਤਿੱਲ਼-ਫੁੱਲ ਜਹੀ ਭੇਟਾ ਪਰਵਾਨ ਕਰ ਲੈਣਗੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਕਰੋੜਾਂ ਲੋਕਾਂ ਦੀ ਮਨੋਕਾਮਨਾ ਹੈ ਕਿ ‘ਚੈਂਪੀਅਨਾਂ ਦੀ ਚੈਂਪੀਅਨ’ ਵਿਨੇਸ਼ ਹਾਲੇ ਕੁਸ਼ਤੀਆਂ ਲੜਨੀਆਂ ਨਾ ਛੱਡੇ ਅਤੇ ਅਗਲੀਆਂ ਓਲੰਪਿਕ ਖੇਡਾਂ ਤੱਕ ਮੈਡਲ ਜਿੱਤਣ ਲਈ ਜੂਝਦੀ ਰਹੇ।

ਪ੍ਰਿੰ. ਸਰਵਣ ਸਿੰਘ

Leave a Reply

Your email address will not be published. Required fields are marked *