2019 “ਚ ਚੰਦੂਮਾਜਰਾ ਵਿਰੁੱਧ ਉਤਰੇ ਵਿਕਰਮ ਸੋਢੀ ਹੁਣ ਹਮਾਇਤ ‘ਚ ਆਏ

ਸ੍ਰੀ ਆਨੰਦਪੁਰ ਸਾਹਿਬ, 28 ਮਈ (ਖਬਰ ਖਾਸ  ਬਿਊਰੋ)

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ 2019 ਦੀਆਂ ਪਾਰਲੀਮੈਂਟ ਚੋਣਾਂ ਲੜ ਚੁੱਕੇ ਆਪ ਆਗੂ ਬਿਕਰਮ ਸਿੰਘ ਸੋਢੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ।
ਗੌਰਤਲਬ ਹੈ ਕਿ ਇਸ ਸਮੇਂ ਬਿਕਰਮ ਸਿੰਘ ਸੋਢੀ ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ  ਸਨ। ਸੋਢੀ ਦੇ ਜਾਣ ਨਾਲ ਜਿੱਥੇ ਆਪ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਉੱਥੇ ਹੀ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਅਕਾਲੀ ਦਲ ਦਾ ਆਧਾਰ ਮਜ਼ਬੂਤ ਹੋਵੇਗਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਨਾਲ ਨਿਵਾਜਿਆ ਜਾਵੇਗਾ।
ਦੱਸਣਯੋਗ ਹੈ ਕਿ  ਬਿਕਰਮ ਸਿੰਘ ਸੋਢੀ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਰਾਜਨੀਤਿਕ ਤੌਰ ‘ਤੇ ਰਸੂਖਵਾਨ ਸਿਰਕੱਢ ਆਗੂ ਹਨ। ਉਨ੍ਹਾਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ 2019 ਵਿੱਚ ਬਹੁਜਨ ਸਮਾਜ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਸਮੇਂ ਤਕਰੀਬਨ ਡੇਢ ਲੱਖ ਵੋਟ ਹਾਸਲ ਕਰਕੇ ਹਲਕੇ ਵਿੱਚ ਆਪਣੀ ਲੋਕਪ੍ਰਿਅਤਾ ਦਾ ਸਬੂਤ ਦਿੱਤਾ। ਇਸ ਮੌਕੇ ਬਿਕਰਮ ਸਿੰਘ ਸੋਢੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸ਼ੰਘਰਸਾਂ ਵਿੱਚੋਂ ਨਿਕਲੀ ਦੇਸ਼ ਦੀ ਅਜਿਹੀ ਇਕਲੌਤੀ ਖੇਤਰੀ ਪਾਰਟੀ ਹੈ, ਜਿਸਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅਤੇ ਐਂਮਰਜੈਸ਼ੀ ਦੌਰਾਨ ਸੂਬਿਆਂ ਦੇ ਵੱਧ ਅਧਿਕਾਰ ਦੀ ਲੜ੍ਹਾਈ ਲੜ੍ਹਦਿਆਂ ਕੇਂਦਰ ਨਾਲ ਟੱਕਰ ਲਈ, ਅਜਿਹੀ ਪਾਰਟੀ ਨਾਲ ਜੁੜਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਤੀ ਮਾਰੂ ਸੋਚ ਨੂੰ ਦੇਖਦਿਆਂ ਅਲਵਿਦਾ ਆਖਿਆ। ਉਨ੍ਹਾਂ ਆਖਿਆ ਕਿ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਵਲੋਂ ਲਗਾਈ ਚੋਣ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ।

Leave a Reply

Your email address will not be published. Required fields are marked *