ਅੰਮ੍ਰਿਤਸਰ 16 ਜਨਵਰੀ (ਖ਼ਬਰ ਖਾਸ ਬਿਊਰੋ)
ਇਕ ਨੌਜਵਾਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਕੁਰਲੀ ਕਰਨ ਦੀ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਵੀਡਿਓ ਵਾਇਰਲ ਹੋਣ ਤੋ ਕੁੱਝ ਘੰਟੇ ਬਾਅਦ ਨੌਜਵਾਨ ਨੇ ਗਲਤੀ ਹੋਣ ਬਾਰੇ ਮਾਫ਼ੀ ਮੰਗ ਲਈ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸਨੂੁੰ ਸਿਖ ਧਰਮ ਦੀ ਮਰਿਆਣਾ ਦਾ ਪਤਾ ਨਹੀਂ ਸੀ, ਅਤੇ ਅਣਜਾਣਪੁਣੇ ਵਿਚ ਗਲਤੀ ਹੋਈ ਹੈ। ਉਹਨਾਂ ਕਿਹਾ ਕਿ ਉਹ ਦਰਬਾਰ ਸਾਹਿਬ ਆ ਕੇ ਵੀ ਮਾਫ਼ੀ ਮੰਗਣਗੇ।
ਵਾਇਰਲ ਵੀਡਿਓ ਵਿਚ ਦਿਖ ਰਿਹਾ ਹੈ ਕਿ ਇਕ ਨੌਜਵਾਨ ਸਰੋਵਰ ਦੀਆਂ ਪੌੜੀਆ ਉਤੇ ਬੈਠਕੇ ਹੱਥ ਪੈਰ ਸਾਫ ਕਰਦਾ। ਮੂੰਹ ਵਿਚ ਪਾਣੀ ਲੈ ਕੇ ਕੁਰਲੀ ਕਰਕੇ ਪਾਣੀ ਸੁੱਟ ਦਿੰਦਾ ਹੈ। ਬਕਾਇਦਾ ਉਹ ਇਕ ਹੱਥ ਖੜਾ ਕਰਕੇ ਫੋਟੋ -ਵੀਡਿਓ ਵੀ ਖਿਚਵਾਉਂਦਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਹੈ ਕਿ ਇਹ ਇਕ ਸ਼ਰਾਰਤ ਹੈ ਜਾਂ ਫਿਰ ਮਰਿਆਦਾ ਤੋਂ ਅਣਜਾਨ ਨੌਜਵਾਨ ਵੱਲੋਂ ਅਜਿਹਾ ਕੀਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਪਰਿਕਰਮਾ ਵਿਚ ਤਾਇਨਾਤ, ਮੈਨੇਜਰ, ਸੁਪਰਵਾਈਜਰ, ਇੰਚਾਰਜ ਅਤੇ ਸੇਵਾਦਾਰਾਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨ ਵੱਲੋਂ ਕੀਤੀ ਇਸ ਹਰਕਤ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਕ ਮਰਿਆਦਾ ਹੈ ਅਤੇ ਮਰਿਆਦਾ ਦੇ ਵਿਰੁੱਧ ਕੋਈ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ। ਉਨ੍ਹਾਂ ਹਰ ਧਰਮ ਦੇ ਲੋਕਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਸਮੇਂ ਇਥੋਂ ਦੀ ਪਾਵਨ ਮਰਿਆਦਾ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।