ਪਟਿਆਲਾ 20 ਦਸੰਬਰ (ਖ਼ਬਰ ਖਾਸ ਬਿਊਰੋ)
ਸਨੌਰ ਤੋਂ ਆਮ ਆਦਮੀ ਪਾਰਟੀ ( AAP MLA) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅਦਾਲਤ ਨੇ ਭਗੌੜਾ ਘੋਸ਼ਿਤ ਕਰ ਦਿੱਤਾਹੈ। ਉਹ ਲਗਾਤਾਰ ਅਦਾਲਤ ਵਿਚ ਪੇਸ਼ੀ ਤੋਂ ਗੈਰ ਹਾਜ਼ਰ ਚੱਲ ਰਹੇ ਸਨ, ਜਿਸ ਕਰਕੇ ਸਥਾਨਕ ਅਦਾਲਤ ਨੇ ਉਸਨੂੰ ਭਗੌੜਾ ਕਰਾਰ ਦਿੱਤਾ ਹੈ। ਚਰਚਾ ਹੈ ਕਿ ਪਠਾਣਮਾਜਰਾ ਅਸਟਰੇਲੀਆ ਵਿਚ ਹਨ ਅਤੇ ਉਹ ਲਗਾਤਾਰ ਸਰਕਾਰ, ਆਪ ਲੀਡਰਸ਼ਿਪ ਖਾਸਕਰਕੇ ਪੁਲਿਸ ਉਤੇ ਸ਼ਬਦੀ ਹਮਲਾ ਕਰ ਰਹੇ ਹਨ।
ਪਠਾਣਮਾਜਰਾ ਨੇ ਪਿਛਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਖਿਲਾਫ਼ ਖੁੱਲੇਆਮ ਬਗਾਵਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਅੱਗੇ ਆਉਣ ਦੀ ਸਲਾਹ ਦਿੱਤੀ ਸੀ। ਪਠਾਨਮਾਜਰਾ ਨੇ ਇਥੋ ਤਕ ਕਹਿ ਦਿੱਤਾ ਸੀ ਕਿ ਜੇਕਰ ਉਹ ਅੱਗੇ ਨਾ ਆਏ ਤਾਂ ਲੋਕਾਂ ਨੇ ਅਗਲੀਆਂ ਚੋਣਾਂ ਵਿਚ ਹਰਾ ਦੇਣਾ ਹੈ। ਆਪ ਲੀਡਰਸ਼ਿਪ ਖਿਲਾਫ਼ ਮੋਰਚਾ ਖੋਲਣ ਬਾਅਦ ਪੁਲਿਸ ਨੇ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ਼ ਕੀਤਾ ਸੀ।
ਪਟਿਆਲਾ ਪੁਲਿਸ ਨੇ ਉਸਨੂੰ ਹਿਰਾਸਤ ਵਿਚ ਲੈਣ ਲਈ ਹਰਿਆਣਾ ਸਥਿਤ ਉਸਦੇ ਇਕ ਟਿਕਾਣੇ ਉਤੇ ਛਾਪਾ ਮਾਰਿਆ ਸੀ ਅਤੇ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ। ਪੁਲਿਸ ਦੀ ਕਾਫ਼ੀ ਕਿਰਕਿਰੀ ਹੋਈ ਸੀ।
ਅਦਾਲਤ ਨੇ ਪਠਾਣਾਜਰਾ ਨੂੰ ਭਗੌੜਾ ਘੋਸ਼ਿਤ ਕਰਨ ਦੇ ਨਾਲ ਹੀ ਪੁਲਿਸ ਅਤੇ ਹੋਰ ਵਿਭਾਗਾਂ ਨੂੰ ਵਿਧਾਇਕ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਵੇਰਵਾ ਅਦਾਲਤ ਨੂੰ ਦੇਣ ਦੇ ਹੁਕਮ ਦਿੱਤੇ ਹਨ।
ਇਹ ਹਨ ਦੋਸ਼-
ਜਾਣਕਾਰੀ ਅਨੁਸਾਰ ਇਕ ਔਰਤ ਨੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਉਤੇ ਵਿਆਹ ਕਰਵਾਉਣ ਦਾ ਝੂਠਾ ਲਾਰਾ ਲਾਕੇ ਉਸ ਨਾਲ ਜ਼ਬਰ ਜਨਾਹ ਕਰਨ ਦਾ ਦੋਸ਼ ਲਾਇਆ ਸੀ। ਪੁਲਿਸ ਨੇ ਸਤੰਬਰ 2025 ਵਿੱਚ ਸਿਵਲ ਲਾਈਨਜ਼ ਥਾਣੇ ਵਿੱਚ ਜਬਰ-ਜਨਾਹ, ਧੋਖਾਧੜੀ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਤਹਿਤ ਕੇਸ ਦਰਜ਼ ਕੀਤਾ ਹੈ। ਵਰਨਣਯੋਗ ਹੈ ਕਿ ਅਦਾਲਤ ਨੇ ਪਠਾਣਮਾਜਰਾ ਨੂੰ 12 ਨਵੰਬਰ ਤੱਕ ਪੇਸ਼ ਹੋਣ ਦਾ ਨੋਟਿਸ ਦਿੱਤਾ ਸੀ। ਨੋਟਿਸ ਦੀ ਕਾਪੀ ਉਹਨਾਂ ਦੀ ਰਿਹਾਇਸ ਉਤੇ ਵੀ ਚਿਪਕਾਇਆ ਗਿਆ ਸੀ ਪਰ ਉਹ ਅਦਾਲਤ ਵਿਚਪੇਸ਼ ਨਾ ਹੋਏ ਅਤੇ ਅਦਾਲਤ ਨੇ ਪਠਾਣਮਾਜਰਾ ਨੂੰ ਭਗੌੜਾ ਘੋਸ਼ਿਤ ਕਰ ਦਿਤਾ।