ਸੰਗਰੂਰ, 20 ਦਸੰਬਰ (ਖ਼ਬਰ ਖਾਸ ਬਿਊਰੋ)
ਵੱਖ ਵੱਖ ਅਦਾਰਿਆਂ ਨਾਲ ਕੰਮ ਕਰ ਚੁੱਕੇ ਫਰੀਲਾਂਸ ਪੱਤਰਕਾਰ ਅਤੇ ਸਾਬਕਾ ਵਿਦਿਆਰਥੀ ਆਗੂ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਮਾਤਾ ਸੁਰਜੀਤ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸੰਗਰੂਰ ਵਿਖੇ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਸਾਡੇ ਰਾਜਨੀਤਿਕ,ਸਮਾਜਿਕ ਪ੍ਰਬੰਧਕ ਦੀ ਦੇਣ ਹਨ। ਉਹਨਾਂ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਨ ਦੇ ਦਾਅਵੇ ਜਰੂਰ ਕਰਦੀਆਂ ਹਨ ਪਰ ਹਕੀਕਤ ਇਹ ਹੈ ਕਿ ਸਾਡੇ ਸਿਹਤ ਪ੍ਰਬੰਧ ਵਿੱਚ ਇਹਨਾਂ ਬਿਮਾਰੀਆਂ ਦਾ ਪਤਾ ਲਾਉਣ ਲਈ ਸਮੇਂ ਸਿਰ ਟੈਸਟਾਂ ਅਤੇ ਸਕੈਨ ਕਰਾਉਣ ਦੀ ਵਿਵਸਥਾ ਨਹੀਂ ਹੈ, ਜਿਸ ਕਾਰਨ ਮਨੁੱਖ ਨੂੰ ਮੁੱਢਲੀ ਸਟੇਜ ‘ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਪਤਾ ਹੀ ਨਹੀਂ ਲੱਗਦਾ ਤੇ ਜਦੋਂ ਤੱਕ ਇਹਨਾਂ ਬਿਮਾਰੀਆਂ ਪ੍ਰਤੀ ਪਤਾ ਲੱਗਦਾ ਹੈ ਉਦੋਂ ਤੱਕ ਇਹ ਬਿਮਾਰੀਆਂ ਸਾਡੇ ਸਰੀਰ ਦਾ ਕਾਫੀ ਨੁਕਸਾਨ ਕਰ ਚੁੱਕੀਆਂ ਹੁੰਦੀਆਂ ਹਨ।

ਉਹਨਾਂ ਕਿਹਾ ਕਿ ਸਾਡੀਆਂ ਸਰਕਾਰਾਂ ਨੂੰ ਸਿਹਤ ਢਾਂਚੇ ਦੇ ਸੁਧਾਰ ਲਈ ਯਤਨ ਕਰਨੇ ਚਾਹੀਦੇ ਹਨ। ਹਰ ਵਿਅਕਤੀ ਦੇ ਮੁੱਢਲੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੋਣ ਦੀ ਸੁਵਿਧਾ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਹਨਾਂ ਬਿਮਾਰੀਆਂ ਪ੍ਰਤੀ ਸਮੇਂ ਸਿਰ ਪਤਾ ਲੱਗ ਸਕੇ। ਉਹਨਾਂ ਕਿਹਾ ਕਿ ਸਾਡਾ ਪ੍ਰਦੂਸ਼ਤ ਵਾਤਾਵਰਨ ਅਤੇ ਅਖੌਤੀ ਹਰੀ ਕ੍ਰਾਂਤੀ ਦੇ ਨਾਮ ਹੇਠ ਖੇਤੀ ਖੇਤਰ ਵਿੱਚ ਥੋਪੀਆਂ ਬੇਲੋੜੀਆਂ ਰੇਹਾਂ, ਸਪਰੇਹਾਂ ਇਹਨਾਂ ਭਿਆਨਕ ਬਿਮਾਰੀਆਂ ਪੈਦਾ ਹੋਣ ਦੀ ਬੁਨਿਆਦ ਬਣ ਰਹੀਆਂ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਆਗੂ ਕੁਲਵਿੰਦਰ ਬੰਟੀ ਨੇ ਦੱਸਿਆ ਕਿ ਭਰ ਜੁਆਨੀ ਵਿੱਚ ਵਿਧਵਾ ਹੋਈ ਮਾਤਾ ਸੁਰਜੀਤ ਕੌਰ ਨੇ ਆਪਣੀ ਜਿੰਦਗੀ ਵਿੱਚ ਬਹੁਤ ਸਾਰੀਆਂ ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕਰਦਿਆਂ ਬੱਚਿਆਂ ਨੂੰ ਸਿਰਫ ਵਧੀਆ ਪੜ੍ਹਾਈ ਹੀ ਨਹੀਂ ਕਰਵਾਈ ਬਲਕਿ ਆਪਣੇ ਤਿੰਨੇ ਬੱਚਿਆਂ ਨੂੰ ਸਮਾਜ ਨੂੰ ਬਿਹਤਰ ਬਨਾਉਣ ਵਿੱਚ ਯੋਗਦਾਨ ਪਾਉਣ ਵਾਲੇ ਰਸਤੇ ਉੱਪਰ ਵੀ ਤੋਰਿਆ। ਉਨ੍ਹਾਂ ਕਿਹਾ ਕਿ ਇਹ ਮਾਤਾ ਜੀ ਦਾ ਯੋਗਦਾਨ ਹੀ ਸੀ ਕਿ ਉਹਨਾਂ ਦਾ ਪੂਰਾ ਪਰਿਵਾਰ ਸਮਾਜਿਕ ਕੰਮਾਂ ਵਿੱਚ ਲੱਗਿਆ ਹੋਇਆ ਹੈ।
ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ , ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸੌਰਵ ਦੁੱਗਲ ਸਮੇਤ ਦਰਜਨਾਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਵਿਸ਼ੇਸ਼ਰ ਰਾਮ, ਵਿਸਾਖਾ ਸਿੰਘ, ਨਰਦੇਵ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਪਰਗਟ ਕਾਲਾਝਾੜ,ਮੇਜਰ ਉਪਲੀ,ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ ਦੇ ਆਗੂ ਗੁਰਮੀਤ ਸਿੰਘ ਜੱਜ,ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜਗਰਾਜ ਹਰਦਾਸਪੁਰਾ, ਸਾਬਕਾ ਵਿਦਿਆਰਥੀ ਆਗੂ ਨਰਿੰਦਰ ਜਹਾਂਗੀਰ, ਪ੍ਰਕਾਸ਼ ਸਿੰਘ, ਬਹਾਲ ਸਿੰਘ, ਸ਼ਮਿੰਦਰ ਸਿੰਘ, ਨਵਕਿਰਨ ਸਿੰਘ, ਪਰਮਿੰਦਰ ਮਾਨਸਾ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ,ਕਿਸਾਨ ਆਗੂ ਅਵਤਾਰ ਸਿੰਘ ਕੌਰਜੀਵਾਲਾ,ਗੁਰਪ੍ਰੀਤ ਸਿੰਘ ਗੋਪੀ,ਨਰਿੰਦਰ ਨਿੰਦੀ ਆਦਿ ਹਾਜਰ ਸਨ।