ਪਟਿਆਲਾ, 20 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਹਵਾਬਾਜ਼ੀ ਖੇਤਰ ਵਿੱਚ ਪੰਜਾਬ ਧੁਰੇ ਵਜੋਂ ਉਭਰੇਗਾ ਕਿਉਂਕਿ ਸੂਬਾ ਸਰਕਾਰ ਹਵਾਬਾਜ਼ੀ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਨੌਜਵਾਨਾਂ ਨੂੰ ਕਿਫਾਇਤੀ ਅਤੇ ਵਿਸ਼ਵ ਪੱਧਰੀ ਸਿਖਲਾਈ ਦੇ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਵਿੱਚ ਵੱਡੇ ਉਪਰਾਲੇ ਕਰ ਰਹੀ ਹੈ।
ਅੱਜ ਇੱਥੇ ਟਰੇਨੀ ਪਾਇਲਟਾਂ ਅਤੇ ਏਅਰਕ੍ਰਾਫਟ ਇੰਜੀਨੀਅਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਵੱਕਾਰੀ ਸੰਸਥਾ ਤੋਂ ਸਿਖਲਾਈ ਲੈ ਰਹੇ ਸਾਰੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਫਲਾਇੰਗ ਕਲੱਬ ਵਿਖੇ 32 ਸਿਖਿਆਰਥੀ ਪਾਇਲਟਾਂ ਅਤੇ ਪਟਿਆਲਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਸੈਸ਼ਨ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਏਵੀਏਸ਼ਨ ਕੰਪਲੈਕਸ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ ‘ਏਵੀਏਸ਼ਨ ਮਿਊਜ਼ੀਅਮ’ ਸਥਾਪਤ ਕੀਤਾ ਜਾ ਰਿਹਾ ਹੈ ਅਤੇ ਇਹ ਅਜਾਇਬ ਘਰ ਮਿਗ ਜਹਾਜ਼, ਸੈਕੰਡ ਜਨਰੇਸ਼ਨ ਹੈਲੀਕਾਪਟਰ, ਸਿਮੂਲੇਟਰਾਂ ਅਤੇ ਏਵੀਏਸ਼ਨ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ, ਜੋ ਵਿਦਿਆਰਥੀਆਂ ਅਤੇ ਜਨਤਾ ਨੂੰ ਅਹਿਮ ਜਾਣਕਾਰੀ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਹਵਾਬਾਜ਼ੀ ਖੇਤਰ ਲਈ ਪ੍ਰੇਰਿਤ ਕਰਨਾ ਹੈ
ਮੁੱਖ ਮੰਤਰੀ ਨੇ ਇਸ ਮੌਕੇ ਸਿਵਲ ਏਵੀਏਸ਼ਨ ਵਿਭਾਗ ਦੀ ਨਵੀਂ ਵੈੱਬਸਾਈਟ dca.punjab.gov.in ਵੀ ਲਾਂਚ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਸਟੇਟ ਏਵੀਏਸ਼ਨ ਕੌਂਸਲ, ਪੰਜਾਬ ਦਾ ਉਦੇਸ਼ ਹਰ ਬੱਚੇ ਨੂੰ ਅਸਮਾਨ ਵਿੱਚ ਉਡਾਣ ਭਰਨ ਦਾ ਸੁਪਨਾ ਪੂਰਾ ਕਰਨ ਦਾ ਮੌਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ, ਪਾਇਲਟ ਬਣਨ ਦੀ ਸਿਖਲਾਈ ਸਿਰਫ ਬਹੁਤ ਅਮੀਰ ਲੋਕਾਂ ਲਈ ਹੀ ਸੰਭਵ ਸੀ, ਪਰ ਸਰਕਾਰ ਦੇ ਸਹਿਯੋਗ ਅਤੇ ਸਬਸਿਡੀ ਨਾਲ ਪੰਜਾਬ ਨੇ ਪਟਿਆਲਾ ਫਲਾਇੰਗ ਕਲੱਬ ਰਾਹੀਂ ਅਜਿਹੀਆਂ ਰੋਕਾਂ ਨੂੰ ਖਤਮ ਕਰ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਲਾਇੰਗ ਕਲੱਬ ਸਾਲ 1965 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ 253 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਨਾਲ ਇਹ ਭਾਰਤ ਦੇ ਸਭ ਤੋਂ ਵੱਡੇ ਹਵਾਬਾਜ਼ੀ ਸਿਖਲਾਈ ਕੈਂਪਸਾਂ ਵਿੱਚੋਂ ਇੱਕ ਬਣ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਫਲਾਇੰਗ ਕਲੱਬ ਦੇਸ਼ ਭਰ ਵਿੱਚ ਸੱਤਵੇਂ ਸਥਾਨ ‘ਤੇ ਹੈ ਅਤੇ ਕਲੱਬ ਇਸ ਸਮੇਂ ਸੱਤ ਸਿਖਲਾਈ ਜਹਾਜ਼ ਚਲਾਉਂਦਾ ਹੈ ਜਿਸ ਵਿੱਚ ਪੰਜ ਸਿੰਗਲ-ਇੰਜਣ ਜਹਾਜ਼, ਦੋ ਮਲਟੀ-ਇੰਜਣ ਜਹਾਜ਼ ਅਤੇ ਇੱਕ ਟੈਕਨਾਮ ਪੀ2006ਟੀ (ਨਵਾਂ ਸ਼ਾਮਲ ਕੀਤਾ ਜਹਾਜ਼ ਜੋ ਇਟਲੀ ਤੋਂ 5 ਕਰੋੜ ਰੁਪਏ ਵਿੱਚ ਖਰੀਦਿਆ ਗਿਆ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਹੂਲਤਾਂ ਵਿੱਚ ਪਟਿਆਲਾ ਏਅਰਫੀਲਡ ‘ਤੇ ਰਾਤ ਨੂੰ ਲੈਂਡਿੰਗ ਸਮਰੱਥਾ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਿਖਲਾਈ ਦਾ ਤਜਰਬਾ ਸ਼ਾਮਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ 3 ਸਾਲਾ ਬੀਐਸਸੀ (ਆਨਰਜ਼) + 3 ਸਾਲਾ ਡੀਜੀਸੀਏ ਦੁਆਰਾ ਪ੍ਰਵਾਨਿਤ ਏ.ਐਮ.ਈ. ਪ੍ਰੋਗਰਾਮ ਦੀ ਕੁੱਲ ਫੀਸ ਸਿਰਫ 3 ਲੱਖ ਰੁਪਏ ਹੈ ਜਦੋਂ ਕਿ ਦੂਜੇ ਸੂਬਿਆਂ ਵਿੱਚ ਇਸੇ ਕੋਰਸ ਦੀ ਫੀਸ 5-8 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ 33% ਸੀਟਾਂ ਐਸ.ਸੀ. ਤੇ ਬੀ.ਸੀ. ਵਿਦਿਆਰਥੀਆਂ ਲਈ ਰਾਖਵੀਆਂ ਹਨ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਇਸ ਖੇਤਰ ਵਿੱਚ ਆਮ ਘਰਾਂ ਦੇ ਬੱਚਿਆਂ ਨੂੰ ਵੀ ਮੌਕੇ ਹਾਸਲ ਹੋਣ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਤੱਸਲੀ ਵਾਲੀ ਗੱਲ ਹੈ ਕਿ ਪਟਿਆਲਾ ਫਲਾਇੰਗ ਕਲੱਬ ਅਤੇ ਕਾਲਜ ਦੇ 4,000 ਤੋਂ ਵੱਧ ਸਿਖਲਾਈ ਪ੍ਰਾਪਤ ਪੇਸ਼ੇਵਰ ਵੱਡੀਆਂ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਪ੍ਰਤੀ ਮਹੀਨਾ ਔਸਤਨ 1.5 ਲੱਖ ਰੁਪਏ ਦੀ ਸ਼ੁਰੂਆਤੀ ਤਨਖਾਹ ਮਿਲਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਅਤੇ ਸਪਾਈਸਜੈੱਟ ਵਰਗੀਆਂ ਪ੍ਰਮੁੱਖ ਭਾਰਤੀ ਏਅਰਲਾਈਨਾਂ, ਟੈਕਨਾਮ, ਬੋਇੰਗ ਅਤੇ ਵੀਐਸਆਰ ਐਵੀਏਸ਼ਨ ਵਰਗੀਆਂ ਜਨਰਲ ਏਵੀਏਸ਼ਨ ਫਰਮਾਂ, ਚਾਰਟਰ ਕੰਪਨੀਆਂ ਅਤੇ ਐਮਆਰਓ ਸੰਸਥਾਵਾਂ ਅਤੇ ਹੋਰ ਫਲਾਇੰਗ ਕਲੱਬ, ਜਿੱਥੇ ਉਹ ਫਲਾਈਟ ਇੰਸਟ੍ਰਕਟਰ ਵਜੋਂ ਕੰਮ ਕਰਦੇ ਹਨ, ਇਸ ਵੱਕਾਰੀ ਸੰਸਥਾ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਮੁੱਹਈਆ ਕਰਵਾਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਦੁਆਰਾ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਬਣਾਉਣਾ ਸਮੇਂ ਦੀ ਲੋੜ ਹੈ।
ਵਿਦਿਆਰਥੀਆਂ ਨੂੰ ਰੌਸ਼ਨ ਤੇ ਖੁਸ਼ਹਾਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਜੀਵਨ ਵਿੱਚ ਨਵੀਂਆਂ ਬੁਲੰਦੀਆਂ ਛੂਹਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ਮੀਨ ‘ਤੇ ਜੁੜੇ ਰਹਿਣ ਅਤੇ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਲਈ ਕਿਹਾ ਕਿਉਂਕਿ ਇਹੀ ਸਫਲਤਾ ਦੀ ਇੱਕੋ ਇੱਕ ਕੁੰਜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਧਰਤੀ ‘ਤੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਅਥਾਹ ਸੰਭਾਵਨਾਵਾਂ ਹਨ। ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਆਪਣੀ ਵਿਲੱਖਣ ਪਛਾਣ ਕਾਇਮ ਕਰਨ ਅਤੇ ਸਮਾਜ ਵਿੱਚ ਆਪਣੀ ਛਾਪ ਛੱਡਣ ਲਈ ਸਿਰਤੋੜ ਯਤਨ ਕਰਨ ਦੀ ਅਪੀਲ ਕੀਤੀ।