ਚੰਡੀਗੜ੍ਹ 26 ਨਵੰਬਰ (ਖ਼ਬਰ ਖਾਸ ਬਿਊਰੋ)
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (ਪੀ.ਪੀ.ਪੀ.ਐੱਫ.) ਪੰਜਾਬ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਪ੍ਰਮੁੱਖ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਰੋਸ ਧਰਨੇ ਵਿੱਚ ਹਿਮਾਇਤੀ ਸ਼ਮੂਲੀਅਤ ਕੀਤੀ ਗਈ। ਨੈਸ਼ਨਲ ਮਿਸ਼ਨ ਫਾਰ ਓਲਡ ਪੈਨਸ਼ਨ ਸਕੀਮ (NMOPS) ਦੀ ਅਗਵਾਈ ਵਿੱਚ ਲੱਗੇ ਇਸ ਧਰਨੇ ਵਿੱਚ ਪੰਜਾਬ ਤੋਂ ਇਲਾਵਾ ਉਤਰਖੰਡ, ਉੱਤਰ ਪ੍ਰਦੇਸ਼, ਹਿਮਾਚਲ, ਹਰਿਆਣਾ, ਗੁਜਰਾਤ, ਬਿਹਾਰ ਅਤੇ ਦਿੱਲੀ ਸਮੇਤ ਹੋਰ ਰਾਜਾਂ ਦੇ ਮੁਲਾਜ਼ਮਾਂ ਨੇ ਵੀ ਵੱਡੇ ਇਕੱਠ ਦੇ ਰੂਪ ਵਿੱਚ ਹਿੱਸਾ ਲਿਆ।
ਇਸ ਮੌਕੇ ਬਿਆਨ ਜਾਰੀ ਕਰਦਿਆਂ ਫਰੰਟ ਦੇ ਜੋਨ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਜਿਲ੍ਹਾ ਕਨਵੀਨਰਜ਼ ਜਗਦੀਸ਼ ਸੱਪਾਂਵਾਲੀ, ਅੰਮ੍ਰਿਤ ਪਾਲ ਮਾਨ, ਰਮਨ ਸਿੰਗਲਾ, ਮਨਮੋਹਨ ਸਿੰਘ ਕਾਲੀਆ ਅਤੇ ਮਨਜੀਤ ਦਸੂਹਾ ਨੇ ਆਖਿਆ ਕਿ ਸਾਲ 2004 ਤੋਂ ਬਾਅਦ ਕੇਂਦਰ ਅਤੇ ਸੂਬਿਆਂ ਦੇ ਮੁਲਾਜ਼ਮਾਂ ‘ਤੇ ਜਬਰੀ ਥੋਪੀ ਨਵੀਂ ਪੈਨਸ਼ਨ ਸਕੀਮ, ਜਿਸ ਨੂੰ ਬਜਾਰੂ ਜੋਖਮਾਂ ਅਧਾਰਿਤ ਸ਼ੇਅਰ ਮਾਰਕਿਟ ਨਾਲ ਜੋੜ ਦਿੱਤਾ ਗਿਆ ਹੈ, ਕਾਰਪੋਰਟਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਸਾਮਰਾਜੀ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦਾ ਹਿੱਸਾ ਹੈ। ਐੱਨ.ਪੀ.ਐੱਸ. ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਸੇਵਾਮੁਕਤੀ ਉਪਰੰਤ ਮਾਣ ਸਨਮਾਨ ਵਾਲੀ ਬੱਝਵੀਂ ਪੈਨਸ਼ਨ ਮਿਲਣ ਦੀ ਬਜਾਏ ਉਹਨਾਂ ਦੀ ਸਾਲਾਂ ਬੱਧੀ ਕੀਤੀ ਕਿਰਤ ਅਤੇ ਬੱਚਤਾਂ ਦੀ ਆਰਥਿਕ ਤੇ ਸਮਾਜਿਕ ਲੁੱਟ ਕੀਤੀ ਜਾ ਰਹੀ ਹੈ। ਜਿਸ ਖਿਲਾਫ ਸਾਰੇ ਦੇਸ਼ ਵਿੱਚ ਨਵੀਂ ਪੈਨਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਦੇ ਸੰਘਰਸ਼ ਉਭੱਰ ਰਹੇ ਹਨ। ਪਰ ਕੇੰਦਰ ਸਰਕਾਰ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਇਸ ਮੁੱਖ ਮੰਗ ਨੂੰ ਲੈ ਕੇ ਫੈਲੇ ਵੱਡੇ ਰੋਸ ਨੂੰ ਦਰਕਿਨਾਰ ਕਰਕੇ ਆਪਣੀ ਕਾਰਪੋਰੇਟ ਪੱਖੀ ਨੀਤੀ ਨੂੰ ਹੀ ਲਗਾਤਾਰ ਅੱਗੇ ਵਧਾ ਰਹੀ ਹੈ।
ਇਸ ਮੌਕੇ ਮਨਦੀਪ ਸਿੰਘ ਉਦਾਰ, ਨੰਦ ਰਾਮ ਅਤੇ ਡਾ. ਸੰਜੀਵ ਕਲਸੀ ਨੇ ਆਖਿਆ ਕਿ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ ਅਤੇ ਦੇਸ਼ ਵਿਆਪੀ ਰੋਸ ਦੇ ਫਲਸਰੂਪ ਭਾਂਵੇ ਕਿ ਕੇਂਦਰ ਸਰਕਾਰ ਮੁਲਾਜ਼ਮਾਂ ਲਈ ਇੱਕ ਹੋਰ ਪ੍ਰਭਾਸ਼ਿਤ ਯੋਗਦਾਨ ਅਧਾਰਿਤ ਯੂਪੀਐੱਸ ਸਕੀਮ ਲੈ ਕੇ ਆਈ ਹੈ, ਪਰ ਉਸ ਨੂੰ ਵੀ ਮੁਲਾਜ਼ਮਾਂ ਦੀ ਵੱਡੀ ਗਿਣਤੀ ਨੇ ਨਕਾਰ ਦਿੱਤਾ ਹੈ ਅਤੇ ਸਮੂਹ ਮੁਲਾਜ਼ਮ 1972 ਵਾਲੀ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਲਾਗੂ ਕਰਵਾਉਣ ਲਈ ਬਜਿੱਦ ਹਨ। ਜਿਸ ਦੀ ਪ੍ਰਾਪਤੀ ਲਈ ਦੇਸ਼ ਭਰ ਵਿੱਚੋਂ ਐੱਨਪੀਐੱਸ ਮੁਲਾਜ਼ਮਾਂ ਦੇ ਵਿਸ਼ਾਲ ਇਕੱਠ ਨੇ ਅੱਜ ਦਿੱਲੀ ਵਿਖੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ।
ਆਗੂਆਂ ਨੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਦੇਸ਼ ਪੱਧਰੀ ਸੰਘਰਸ਼ਾਂ ਅਤੇ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵਿਸ਼ਾਲ ਸਾਂਝੇ ਘੋਲ਼ਾਂ ਦੀ ਉਸਾਰੀ ਲਈ ਸਿਰਤੋੜ ਯਤਨ ਵਿੱਢੇ ਜਾਣ ਦਾ ਸੰਕਲਪ ਦੁਹਰਾਇਆ।
ਇਸ ਮੌਕੇ ਰਾਕੇਸ਼ ਕੁਮਾਰ, ਵਰਿੰਦਰ ਸੈਣੀ, ਰੋਹੀ ਸਿੰਘ, ਡਾ. ਰਿਸ਼ੂ ਕੁਮਾਰ, ਦਿਨੇਸ਼ ਸ਼ਰਮਾ, ਰਮੇਸ਼ ਸੱਪਾਂਵਾਲੀ, ਜੋਗਿੰਦਰ ਕੁਮਾਰ, ਦੀਪਕ ਠਾਕੁਰ, ਜੀਵਨ ਲਾਲ, ਚਿਮਨ ਲਾਲ, ਮਨਪ੍ਰੀਤ ਸਿੰਘ ਪੁਰੀ ਅਤੇ ਰੋਮੀ ਸਿੰਘ ਆਦਿ ਵੀ ਸ਼ਾਮਿਲ ਸਨ।