ਸਿੱਖ ਵਿਚਾਰ ਮੰਚ ਦਾ ਦੋਸ਼, ਸਕੂਲੀ ਸਿਲੇਬਸ ਵਿੱਚ ਗਲਤ ਤੇ ਨਫ਼ਰਤੀ ਪੇਸ਼ਕਾਰੀ

ਚੰਡੀਗੜ੍ਹ 19 ਨਵੰਬਰ (ਖ਼ਬਰ ਖਾਸ ਬਿਊਰੋ )

ਸਿੱਖ ਵਿਚਾਰ ਮੰਚ ਦੀ ਇੱਕ ਵਿਸ਼ੇਸ਼ ਇਕੱਤਰਤਾ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28-ਏ, ਚੰਡੀਗੜ੍ਹ ਵਿਖੇ ਹੋਈ। ਇਸ ਇਕੱਤਰਤਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਤਿਆਰ ਕੀਤੀਆਂ ਪੁਸਤਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਪ੍ਰੈਸ ਕਾਨਫਰੰਸ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆਂ ਜਸਟਿਸ ਰਣਜੀਤ ਸਿੰਘ ਨੇ ਦੱਸਿਆ ਕਿ SGPC ਵੱਲੋਂ 1999 ਵਿੱਚ ਪ੍ਰਕਾਸ਼ਿਤ ‘ਸਿੱਖ ਇਤਿਹਾਸ’ (ਹਿੰਦੀ) ਪੁਸਤਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਕੁਫ਼ਰ ਅਤੇ ਨਫ਼ਰਤੀ ਭਾਸ਼ਾ ਵਰਤੀ ਗਈ ਹੈ। ਇਸ ਸਬੰਧੀ ਇੱਕ ਕੇਸ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਵਕਤ ਦੇ ਦੋਸ਼ੀ ਪ੍ਰਧਾਨ/ਸਕੱਤਰ (SGPC) ਅਤੇ ਮੁੱਖ ਮੰਤਰੀ, ਪੰਜਾਬ ਦੇ ਖਿਲਾਫ਼ ਅਪਰਾਧਕ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

ਮੁੱਖ ਨੁਕਤੇ ਅਤੇ ਬੁਲਾਰਿਆਂ ਦੇ ਵਿਚਾਰ:
• ਸਰਦਾਰ ਗੁਰਤੇਜ ਸਿੰਘ (ਸਿੱਖ ਚਿੰਤਕ): ਉਨ੍ਹਾਂ ਪੁਸਤਕਾਂ ਦੇ ਫਾਰਸੀ ਸਰੋਤਾਂ ਬਾਰੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਸਰਕਾਰ ਵੇਲੇ ਕੀਤੇ ਗਏ ਪੱਤਰ ਵਿਹਾਰ ਦੇ ਵੇਰਵੇ ਪੇਸ਼ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਸਰਕਾਰ ਅਤੇ SGPC ਦੇ ਅਧਿਕਾਰੀਆਂ ਨੇ ਦੋਸ਼ੀ ਧਿਰ ਦਾ ਸਾਥ ਦਿੱਤਾ। ਗੁਰਤੇਜ ਸਿੰਘ ਵੱਲੋਂ ਇਸ ਮਸਲੇ ਬਾਰੇ ਦੇਸ਼ ਦੇ ਵੱਡੇ ਅਖ਼ਬਾਰਾਂ ਵਿੱਚ ਲਿਖੇ ਆਰਟੀਕਲਾਂ ਦੀ ਪ੍ਰਸ਼ੰਸਾ ਦੱਖਣ ਦੇ ਇੱਕ ਜੱਜ ਨੇ ਪੱਤਰ ਲਿਖ ਕੇ ਕੀਤੀ ਸੀ।

• ਡਾ. ਪਿਆਰਾ ਲਾਲ ਗਰਗ: ਉਨ੍ਹਾਂ ਕਿਹਾ ਕਿ ਇਹ ਸਿੱਖ ਪੰਥ ਨਾਲ ਸਭ ਤੋਂ ਵੱਡਾ ਧ੍ਰੋਹ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਗਲਤ ਗੁਰੂ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ, ਜਿਸ ਲਈ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਕਸੂਰਵਾਰ ਹਨ।
• ਸਰਦਾਰ ਹਰਦਿਆਲ ਸਿੰਘ (ਸਾਬਕਾ IAS): ਉਨ੍ਹਾਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਇਨ੍ਹਾਂ ਪੁਸਤਕਾਂ ਬਾਰੇ ਕੀਤੀ ਅਦਾਲਤੀ ਕਾਰਵਾਈ ਅਤੇ PSEB ਦੇ ਗੇਟ ਅੱਗੇ ਲਗਾਏ ਗਏ ਮੋਰਚੇ ਦੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ।
• ਕੁਲਬੀਰ ਸਿੰਘ ਸਿੱਧੂ: ਉਨ੍ਹਾਂ ਕਿਹਾ ਕਿ ਜਦੋਂ ਪੰਥ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾ ਰਿਹਾ ਹੈ, ਤਾਂ ਸਿੱਖ ਇਤਿਹਾਸ ਨਾਲ ਖਿਲਵਾੜ ਅਤੇ ਲਾਪਰਵਾਹੀ ਕਰਨ ਵਾਲੀਆਂ ਸੰਸਥਾਵਾਂ ਨੂੰ ਸਮੂਹ ਨਾਨਕ ਨਾਮ ਲੇਵਾ ਜਗਤ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ, SGPC ਅਤੇ ਅਕਾਲੀ ਦਲਾਂ ਦੇ ਮੁਖੀ ਕੇਵਲ ਗੁਰੂ ਜੀ ਦੇ ਨਾਮ ‘ਤੇ ਆਡੰਬਰ ਕਰ ਰਹੇ ਹਨ।
• ਡਾ. ਖੁਸ਼ਹਾਲ ਸਿੰਘ: ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਸਰਕਾਰ ਦੇ ਮੰਤਰੀ ਵਿਰੁੱਧ ਕੀਤੀ ਗਈ ਕਾਰਵਾਈ ਦੇ ਵਰਣਨ ਅਨੁਸਾਰ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲੋਂ ਇਤਿਹਾਸ ਦਾ ਮਸਲਾ ਵਧੇਰੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲ ਸਬੰਧਿਤ ਸਾਰੇ ਦੋਸ਼ੀਆਂ ਬਾਰੇ ਨਿਰਪੱਖ ਹੋ ਕੇ ਕਾਰਵਾਈ ਕਰਨੀ ਹੀ ਗੁਰੂ ਤੇਗ ਬਹਾਦਰ ਜੀ ਲਈ ਸੱਚੀ ਸ਼ਰਧਾਂਜਲੀ ਹੋਵੇਗੀ।

• ਕੈਪਟਨ ਗੁਰਦੀਪ ਸਿੰਘ ਘੁੰਮਣ: ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਅਕਾਲੀ ਦਲ ਦੀ ਸਿਆਸੀ ਵਕਤੀ ਲੋੜ ਲਈ ਨਹੀਂ ਵਰਤਣਾ ਚਾਹੀਦਾ।
• ਮਾਲਵਿੰਦਰ ਸਿੰਘ ਮਾਲੀ (ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ): ਉਨ੍ਹਾਂ ਕਿਹਾ ਕਿ SGPC ਨੂੰ ਸਿੱਖ ਪੰਥ ਦੇ ਸਨਮੁੱਖ ਪੁਸਤਕ ਬਾਰੇ ਦੁਰੁਸਤ ਜਾਣਕਾਰੀ ਦੇਣੀ ਚਾਹੀਦੀ ਹੈ।

ਜਸਟਿਸ ਰਣਜੀਤ ਸਿੰਘ ਨੇ SGPC ਅਤੇ ਪੰਜਾਬ ਸਰਕਾਰ ਦੇ ਦੋਸ਼ੀ ਅਧਿਕਾਰੀਆਂ ਲਈ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੀ ਗਲਤੀ ਲਈ ਜਨਤਕ ਤੌਰ ‘ਤੇ ਮਾਫ਼ੀ ਨਾ ਮੰਗੀ, ਤਾਂ ਉਪਰੋਕਤ ਪੁਸਤਕਾਂ ਜਨਤਕ ਤੌਰ ‘ਤੇ ਸਾੜੀਆਂ ਜਾਣਗੀਆਂ।

Leave a Reply

Your email address will not be published. Required fields are marked *