ਡੀਆਈਜੀ ਕੇਸ ਵਿੱਚ ਹੋਰ ਅਧਿਕਾਰੀਆਂ ਦੇ ਸ਼ਾਮਿਲ ਹੋਣ ਸਬੰਧੀ ਡਾਇਰੀ ਵਿੱਚ ਮਿਲੇ ਸਬੂਤ, ਹਰ ਦੋਸ਼ੀ ਤੱਕ ਪਹੁੰਚਣਗੇ ਕਾਨੂੰਨ ਦੇ ਹੱਥ – ਜਾਖੜ

 

ਚੰਡੀਗੜ, 7 ਨਵੰਬਰ (ਖ਼ਬਰ ਖਾਸ ਬਿਊਰੋ)
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਤਰਨ ਤਾਰਨ ਉਪ ਚੋਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਅਤੇ ਭ੍ਰਿਸਟਾਚਾਰ ਅਤੇ ਗੈਂਗਸਟਰ ਰਾਜ ਨੂੰ ਸਖਤੀ ਨਾਲ ਖਤਮ ਕਰਨ ਲਈ ਇੱਕ ਦ੍ਰਿੜ ਇੱਛਾ ਸ਼ਕਤੀ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ। ਉਹ ਅੱਜ ਇਥੇ ਹਰਿਆਣਾ ਦੇ ਮੁੱਖਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਇੱਕ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਆਖਿਆ ਕਿ ਸੀਬੀਆਈ ਵੱਲੋਂ ਫੜੇ ਗਏ ਅਧਿਕਾਰੀ ਅਤੇ ਵਿਚੋਲੀਏ ਤੋਂ ਮਿਲੀਆਂ ਡਾਇਰੀਆਂ ਤੋਂ ਅਫਸਰਾਂ ਦੀ ਇੱਕ ਲੰਬੀ ਲਿਸਟ ਮਿਲੀ ਹੈ, ਜਦ ਇਹ ਜਾਂਚ ਅੱਗੇ ਵਧੇਗੀ ਤਾਂ ਇਸਦਾ ਸੇਕ ਉਹਨਾਂ ਲੋਕਾਂ ਤੱਕ ਵੀ ਪਹੁੰਚੇਗਾ ਜਿਨਾਂ ਲਈ ਇਹ ਲੋਕ ਲੋਕਾਂ ਦਾ ਖੂਨ ਚੂਸ ਕੇ ਕਾਲਾ ਧਨ ਇਕੱਠਾ ਕਰ ਰਹੇ ਸਨ।

ਕੁਰਪਸ਼ਨ ਨੂੰ ਸਮਾਜ ਦਾ ਕੈਂਸਰ ਦੱਸਦਿਆਂ ਉਹਨਾਂ ਕਿਹਾ ਕਿ ਭ੍ਰਿਸਟਾਚਾਰ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਦੇ ਦਾਅਵੇ ਕਰਨ ਵਾਲਿਆਂ ਦਾ ਇੱਕ ਵੱਡਾ ਪੁਲਿਸ ਅਫਸਰ ਕਿਸ ਤਰ੍ਹਾਂ ਭ੍ਰਿਸਟਾਚਾਰ ਕਰ ਰਿਹਾ ਸੀ ਇਸ ਦੀ ਪੋਲ ਕੇਂਦਰੀ ਏਜੰਸੀ ਸੀਬੀਆਈ ਨੇ ਖੋਲੀ ਹੈ ਅਤੇ ਹੁਣ ਇਸ ਦੀ ਤਹਿ ਤੱਕ ਜਾਇਆ ਜਾਵੇਗਾ ਕਿ ਆਖਰ ਉਹ ਪੈਸਾ ਕਿਸ ਨੂੰ ਦੇਣ ਲਈ ਰੱਖਿਆ ਹੋਇਆ ਸੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਸੁਨੀਲ ਜਾਖੜ ਨੇ ਕਿਹਾ ਕਿ ਇਹ ਕਿੱਡੀ ਹਾਸੋਹੀਣੀ ਗੱਲ ਹੈ ਕਿ ਜਿਹੜੇ ਲੋਕ ਖੁਦ ਦਿੱਲੀ ਵਿੱਚ ਘਪਲਿਆਂ ਲਈ ਜੇਲ ਯਾਤਰਾ ਕਰ ਚੁੱਕੇ ਹਨ ਉਹ ਪੰਜਾਬ ਨੂੰ ਭ੍ਰਿਸਟਾਚਾਰ ਮੁਕਤ ਕਰਨ ਦੀਆਂ ਗੱਲਾਂ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਦੇ ਵਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਤਾਂ ਮੁੱਖ ਮੰਤਰੀ ਦੀ ਕੁਰਸੀ ਹੀ ਦਿੱਲੀ ਵਾਲਿਆਂ ਕੋਲ ਗਿਰਵੀ ਰੱਖ ਦਿੱਤੀ ਹੈ। ਜੋ ਕਿ ਪੰਜਾਬ ਦੇ ਲੋਕਾਂ ਦਾ ਅਪਮਾਨ ਹੈ ਜਿਨਾਂ ਨੇ ਉਹਨਾਂ ਨੂੰ ਇਹ ਕੁਰਸੀ ਦਿੱਤੀ ਸੀ ।

ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਐਸਸੀ ਭਾਈਚਾਰੇ ਖਿਲਾਫ ਦਿੱਤਾ ਗਿਆ ਬਿਆਨ ਇਸ ਗੱਲ ਦਾ ਸਬੂਤ ਹੈ ਕਿ ਇਸ ਪਾਰਟੀ ਦੇ ਆਗੂਆਂ ਵੱਲੋਂ ਆਪ ਅੱਗੇ ਗੋਡੇ ਟੇਕ ਦਿੱਤੇ ਗਏ ਹਨ । ਆਮ ਆਦਮੀ ਪਾਰਟੀ ਨੂੰ ਲੁਕਵਾਂ ਲਾਭ ਦੇਣ ਲਈ ਹੀ ਅਤੇ ਆਪਣੇ ਕੇਸ ਨੂੰ ਖੁੱਲਣ ਤੋਂ ਰੋਕਣ ਲਈ ਹੀ ਅਜਿਹਾ ਗੈਰ ਜਿੰਮੇਵਾਰਾਨਾ ਬਿਆਨ ਦਿੱਤਾ ਗਿਆ ਹੈ । ਕਾਂਗਰਸ ਵਿਰੋਧੀ ਧਿਰ ਦੇ ਰੂਪ ਵਿਚ ਪੂਰੀ ਤਰਾ ਅਸਫਲ ਸਿੱਧ ਹੋਈ ਹੈ ਕਿਉਂਕਿ ਇਸ ਦੀ ਆਮ ਆਦਮੀ ਪਾਰਟੀ ਨਾਲ ਲੁਕਵੀ ਸਾਂਝ ਹੈ।।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਇਸ ਮੌਕੇ ਉਹਨਾਂ ਨੇ ਕਿਹਾ ਕਿ ਤਰਨ ਤਾਰਨ ਇੱਕ ਪੰਥਕ ਹਲਕਾ ਹੈ ਪਰ ਅੱਜ ਕੋਈ ਵੀ ਬੇਅਦਬੀ ਦੀਆਂ ਘਟਨਾਵਾਂ ਦੇ ਇਨਸਾਫ ਦੀ ਗੱਲ ਨਹੀਂ ਕਰ ਰਿਹਾ । ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਰਾਜਨੀਤੀ ਦਾ ਹਰੇਕ ਪਾਰਟੀ ਨੇ ਕੀਤੀ ਪਰ ਕਿਸੇ ਨੇ ਵੀ ਇਨਸਾਫ ਦਵਾਉਣ ਲਈ ਗੱਲ ਨਹੀਂ ਕੀਤੀ ।

ਸੂਬਾ ਭਾਜਪਾ ਪ੍ਰਧਾਨ ਨੇ ਆਖਿਆ ਕਿ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 1984 ਦੇ ਦੰਗਾ ਪੀੜਤਾਂ ਨੂੰ ਨੌਕਰੀ ਦੇਣ ਦੀ ਪਹਿਲ ਕਰਕੇ ਇਹ ਸਿੱਧ ਕੀਤਾ ਹੈ ਕਿ ਇਹ ਪਾਰਟੀ ਕਿਸ ਚੰਗੀ ਸੋਚ ਨਾਲ ਕੰਮ ਕਰ ਰਹੀ ਹੈ ।

ਸੁਨੀਲ ਜਾਖੜ ਨੇ ਆਖਿਆ ਕਿ ਅੱਜ ਗੈਂਗਸਟਰ ਵਾਦ ਦਾ ਲੋਕਾਂ ਵਿੱਚ ਇਸ ਕਦਰ ਡਰ ਹੈ ਕਿ ਛੋਟੀ ਮੋਟੀ ਦੁਕਾਨ ਕਰਨ ਵਾਲੇ ਨੂੰ ਵੀ ਧਮਕੀ ਭਰੀਆਂ ਕਾਲਾਂ ਆ ਰਹੀਆਂ ਹਨ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਵੋਟ ਕਰਦੇ ਸਮੇਂ ਸੋਚਣ ਕਿ ਉਹ ਕਿਸ ਤਰਾਂ ਦਾ ਸਮਾਜ ਚਾਹੁੰਦੇ ਹਨ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਕੇਜਰੀਵਾਲ ਦੇ ਸੱਤ ਦਿਨਾਂ ਵਿੱਚ ਗੈਂਗਸਟਰਵਾਦ ਖਤਮ ਕਰਨ ਦੇ ਬਿਆਨ ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਉਹ ਇਹ ਭੁੱਲ ਕਿਉਂ ਗਏ ਕਿ ਪਿਛਲੇ ਚਾਰ ਸਾਲ ਤੋਂ ਉਹਨਾਂ ਦੀ ਸਰਕਾਰ ਸੀ ਅਤੇ ਜੋ ਕੰਮ ਚਾਰ ਸਾਲ ਵਿੱਚ ਨਹੀਂ ਹੋਇਆ ਉਹ ਸੱਤ ਦਿਨਾਂ ਵਿੱਚ ਕਿਵੇਂ ਹੋਵੇਗਾ।

ਸੂਬੇ ਦੇ ਮੁੱਖ ਮੰਤਰੀ ਵੱਲੋਂ ਆਰਟੀਓ ਦਫਤਰਾਂ ਨੂੰ ਤਾਲੇ ਲਾਉਣ ਦੇ ਕੀਤੇ ਕਥਿਤ ਡਰਾਮੇਬਾਜ਼ੀ ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਪ੍ਰੋਜੈਕਟ ਪੂਰੀ ਤਰਾਂ ਅਸਫਲ ਸਿੱਧ ਹੋਇਆ ਹੈ ਅਤੇ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿੰਨੇ ਡਰਾਈਵਿੰਗ ਲਾਇਸੰਸ ਅਤੇ ਆਰਸੀ ਬਕਾਇਆ ਪਈਆਂ ਹਨ।

ਸੁਨੀਲ ਜਾਖੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਤਰੱਕੀ , ਭਾਈਚਾਰਕ ਸਾਂਝ ਅਤੇ ਅਮਨ ਕਾਨੂੰਨ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਜਿਤਾਓ

Leave a Reply

Your email address will not be published. Required fields are marked *