ਕਿਸਾਨ ਯੂਨੀਅਨ ਨੇ ਕਿਸਾਨਾਂ ਨੂੰ ਵੰਡੇ ਕਣਕ ਦੇ ਬੀਜ

ਜਗਰਾਓਂ 25 ਅਕਤੂਬਰ (ਖ਼ਬਰ ਖਾਸ ਬਿਊਰੋ)

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਆਪਣੇ ਸੂਬਾਈ ਆਗੂਆਂ ਮਨਜੀਤ ਸਿੰਘ ਧਨੇਰ, ਹਰਨੇਕ ਸਿੰਘ ਮਹਿਮਾ ਅਤੇ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਵਿੱਚ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਹੜ੍ਹ ਪੀੜਤਾਂ ਦੀ ਲਗਾਤਾਰ ਮੱਦਦ ਕਰ ਰਹੀ ਹੈ। ਅੱਜ ਹੜ੍ਹ ਪੀੜਤ ਕਿਸਾਨਾਂ ਲਈ ਲੋੜੀਂਦਾ ਬੀਜ ਲੈਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਜੀਰਾ ਦੇ ਪਿੰਡਾਂ ਫੱਤੇਵਾਲਾ, ਆਲੇ ਵਾਲ਼ਾ, ਸਭਰਾਅ, ਗੱਟਾ ਬਾਦਸ਼ਾਹ ਅਤੇ ਮਖੂ ਬਲਾਕ ਦੇ ਪਿੰਡਾਂ ਕਾਲੀ ਰੌਣੀ, ਜੱਲ੍ਹੇ ਵਾਲਾ, ਕਾਬਲ ਵਾਲਾ, ਮੰਨੂ ਮੱਛੀ, ਮਹਿਮੂਦ ਵਾਲਾ, ਭੋਪੇਵਾਲਾ ਆਦਿ ਦੀ ਅਗਵਾਈ ਵਿੱਚ ਚਾਲੇ ਪਾਏ। ਇਸ ਸਮੇਂ ਸੰਖੇਪ ਸੰਬੋਧਨ ਵਿੱਚ ਆਗੂਆਂ ਨੇ ਆਖਿਆ ਕਿ ਹੜ੍ਹ ਪੀੜਤਾਂ ਲਈ ਕਣਕ ਦੇ ਬੀਜ ਲਈ 8 ਲੱਖ ਰੁਪਏ ਦੀ ਸਹਾਇਤਾ ਗੁਰਬਚਨ ਸਿੰਘ ਸੋਹੀ ਅਤੇ ਪ੍ਰੀਤਮ ਮਹਿੰਦਰ ਸਿੰਘ ਸੇਖੋਂ ਪ੍ਰੀਵਾਰ (ਅਮਰੀਕਾ) ਵੱਲੋਂ ਸਾਥੀ ਬਿੱਕਰ ਸਿੰਘ ਔਲਖ ਅਤੇ ਡਾ ਜਸਬੀਰ ਸਿੰਘ ਔਲਖ ਦੀ ਪ੍ਰੇਰਨਾ ਸਦਕਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਠੀਕ ਅਗਵਾਈ ਉੱਪਰ ਭਰੋਸਾ ਕਰਦਿਆਂ ਭੇਜੀ ਹੈ। ਇਸ ਸਮੇਂ ਸੂਬਾ ਆਗੂਆਂ ਅਮਨਦੀਪ ਸਿੰਘ ਲਲਤੋਂ, ਗੁਰਦੇਵ ਸਿੰਘ ਮਾਂਗੇਵਾਲ, ਰਣਬੀਰ ਸਿੰਘ ਰੁੜਕਾ ਨੇ ਕਿਹਾ ਕਿ ਪੰਜਾਬ ਅੰਦਰ ਕੇਂਦਰ ਅਤੇ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਹੜ੍ਹਾਂ ਨੇ ਇਸ ਵਾਰ ਭਾਰੀ ਤਬਾਹੀ ਮਚਾਈ। ਜਿਸ ਨਾਲ ਫ਼ਸਲਾਂ, ਘਰ ਘਾਟ, ਪਸ਼ੂ ਤੇ ਹੋਰ ਘਰੇਲੂ ਸਮਾਨ ਰੁੜ੍ਹ ਗਿਆ ਜਾਂ ਖ਼ਰਾਬ ਹੋ ਗਿਆ। ਖੇਤਾਂ ਵਿੱਚ ਗਾਰ ਭਰ ਗਈ, ਪਸ਼ੂਆਂ ਮਰੇ ਅਤੇ ਖ਼ਰਾਬ ਫਸਲਾਂ ਕਾਰਨ ਬਿਮਾਰੀਆਂ ਫ਼ੈਲਣ ਦਾ ਗੰਭੀਰ ਖ਼ਤਰਾ ਪੈਦਾ ਹੋਇਆ। ਅਜਿਹੇ ਸਮੇਂ ਪੰਜਾਬੀਆਂ ਨੇ ਆਪਣੇ ਭਰਾਵਾਂ ਦੀ ਦਿਲ ਖੋਲ੍ਹ ਕੇ ਮੱਦਦ ਕੀਤੀ ਹੈ ਅਤੇ ਇਕੱਠੇ ਹੋ ਕੇ ਦਰਿਆਵਾਂ ਨੂੰ ਬੰਨ੍ਹ ਮਾਰੇ ਹਨ।

ਹੋਰ ਪੜ੍ਹੋ 👉  ਮੀਡੀਆ ਦੀ ਚੁਣੌਤੀਆਂ ਅਤੇ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫ਼ੈਸਲਾ

ਹਰਿਆਣਾ, ਯੂਪੀ, ਰਾਜਸਥਾਨ, ਦਿੱਲੀ, ਉਤਰਾਖੰਡ ਅਤੇ ਮੱਧ ਪ੍ਰਦੇਸ਼ ਦੇ ਲੋਕ ਵੀ ਮੱਦਦ ਲਈ ਅੱਗੇ ਆਏ ਹਨ। ਪਰ ਇਸ ਵਾਰ ਨੁਕਸਾਨ ਬਹੁਤ ਜ਼ਿਆਦਾ ਹੈ। ਇਸ ਲਈ ਮੱਦਦ ਵੀ ਲੰਬੇ ਸਮੇਂ ਤੱਕ ਕਰਨੀ ਪਵੇਗੀ। ਖੇਤਾਂ ਵਿੱਚੋਂ ਗਾਰ ਕੱਢਣ, ਜ਼ਮੀਨ ਪੱਧਰੀ ਕਰਨ ਅਤੇ ਅਗਲੀ ਫ਼ਸਲ ਬੀਜਣ ਲਈ ਡੀਜ਼ਲ, ਖਾਦ ਅਤੇ ਬੀਜ ਹੋਰ ਲੋੜਾਂ ਲਈ ਨਕਦ ਰਾਸ਼ੀ ਦੀ ਵੀ ਲੋੜ ਹੈ। ਸਾਰੀਆਂ ਹੀ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਆਪੋ ਆਪਣੀ ਜ਼ਿੰਮੇਵਾਰੀ ਚੁੱਕੀ ਅਤੇ ਹੜ੍ਹ ਪੀੜਤਾਂ ਦੀ ਮੱਦਦ ਕਰਨ ਲਈ ਲੱਕ ਬੰਨ੍ਹ ਕੇ ਅੱਗੇ ਆਏ ਹਨ। ਇਸ ਸਮੇਂ ਆਗੂਆਂ ਕਿਹਾ ਕਿ ਹੜ੍ਹ ਕੁਦਰਤ ਦੀ ਕਰੋਪੀ ਨਹੀਂ ਸਗੋਂ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਕਾਰਨ ਆਏ ਹਨ। ਇਸ ਲਈ ਹੜ੍ਹਾਂ ਨੂੰ ਰੋਕਣ ਵਾਸਤੇ ਪੱਕੇ ਪ੍ਰਬੰਧ ਕਰਵਾਉਣ ਲਈ, ਲੋਕਾਂ ਦਾ ਮੁੜ ਵਸੇਬਾ ਅਤੇ ਮੁਆਵਜ਼ਾ ਵਗੈਰਾ ਦਿਵਾਉਣ ਲਈ ਸੰਘਰਸ਼ ਦੀ ਤਿਆਰੀ ਵੀ ਨਾਲੋ ਨਾਲ ਕਰਨ ਦੀ ਲੋੜ ਹੈ।

ਹੋਰ ਪੜ੍ਹੋ 👉  ਪੰਜਾਬ ਕਿਸੇ ਦਾ ਹੱਕ ਨਹੀਂ ਮਾਰ ਰਿਹਾ, ਪੰਜਾਬ ਕੋਲ ਵਾਧੂ ਪਾਣੀ ਨਹੀਂ-ਮੁੱਖ ਮੰਤਰੀ

ਹੜ੍ਹ ਪੀੜਤ ਕਿਸਾਨਾਂ ਲਈ 27 ਅਕਤੂਬਰ ਤੱਕ 300 ਬੋਰੀਆਂ ਖਾਦ ਦਾ ਪ੍ਰਬੰਧ ਹੋ ਜਾਣ ਦੀ ਸੰਭਾਵਨਾ ਹੈ।ਉਸ ਉਪਰੰਤ ਕਣਕ ਦੇ ਬੀਜ ਅਤੇ ਖਾਦ ਦੀ ਦੂਜੀ ਖੇਪ ਦੀ ਵੰਡ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲਾ ਫਿਰੋਜ਼ਪੁਰ ਪ੍ਰਧਾਨ ਜੰਗੀਰ ਸਿੰਘ ਖਹਿਰਾ, ਜਨਰਲ ਸਕੱਤਰ ਗੁਲਜਾਰ ਸਿੰਘ ਕੱਬਰਵੱਛਾ ਅਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਕੜਮਾ ਦੀ ਦੇਖ ਰੇਖ ਹੇਠ ਜਲਦੀ ਹੀ ਵੰਡੀ ਜਾਵੇਗੀ। ਇਸ ਤੋਂ ਪਹਿਲਾਂ ਫਾਜ਼ਿਲਕਾ ਜ਼ਿਲ੍ਹੇ ਵਿੱਚ 250 ਏਕੜ ਮੱਕੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ 400 ਏਕੜ ਤੋਂ ਵੱਧ ਕਣਕ ਬੀਜਣ ਲਈ ਖਾਦ ਅਤੇ ਬੀਜ ਦੀ ਵੰਡ ਕੀਤੀ ਗਈ ਹੈ। ਆਗੂਆਂ ਨੇ ਸੇਵਾ, ਸੰਘਰਸ਼, ਮੁਕਤੀ ਦੇ ਸੰਕਲਪ ਬਾਰੇ ਸਾਫ਼ ਕਰਦਿਆਂ ਕਿਹਾ ਕਿ ਚੇਤੰਨ ਜਥੇਬੰਦ ਲੋਕ ਹੀ ਆਪਣਿਆਂ ਤੇ ਪਈ ਭੀੜ ਸਮੇਂ ਕੰਮ ਆਏ ਹਨ। ਇਨ੍ਹਾਂ ਹੜ੍ਹਾਂ ਦੀ ਰੋਕਥਾਮ ਅਤੇ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਜਥੇਬੰਦਕ ਸੰਘਰਸ਼ ਹੀ ਅਜਿਹਾ ਹਥਿਆਰ ਹੈ ਜੋ ਇਨ੍ਹਾਂ ਮੁਸ਼ਕਿਲਾਂ ਤੋਂ ਪੱਕੇ ਤੌਰ ‘ਤੇ ਨਿਜ਼ਾਤ ਦਿਵਾ ਸਕਦਾ ਹੈ। ਇਸ ਸਮੇਂ ਨਕਸਵੀਰ ਔਲਖ, ਪ੍ਰਕਾਸ਼ ਦੀਪ ਔਲਖ, ਡਾ ਗੁਨਵੀਰ ਮੰਡੀਕਲਾਂ, ਬਲਜਿੰਦਰ ਸਿੰਘ, ਦਿਆਲ ਸਿੰਘ, ਜੋਰਾ ਸਿੰਘ ਗਿੱਲ, ਕੁਲਵਿੰਦਰ ਸਿੰਘ, ਜਗਦੇਵ ਸਿੰਘ, ਮੁਨਸ਼ਾ ਸਿੰਘ, ਜਸਵਿੰਦਰ ਸਿੰਘ, ਭਜਨ ਸਿੰਘ ਅਤੇ ਮੁਖਤਿਆਰ ਸਿੰਘ ਆਦਿ ਆਗੂਆਂ ਦੀ ਅਗਵਾਈ ਵਿੱਚ ਕਣਕ ਦਾ ਬੀਜ ਦੋ ਟਰਾਲੀਆਂ ਵਿੱਚ ਭਰ ਕੇ ਰਵਾਨਾ ਕੀਤਾ ਗਿਆ।

ਹੋਰ ਪੜ੍ਹੋ 👉  ਪ੍ਰਵਾਸੀ ਕਹਾਣੀਕਾਰਾ ਗੁਰਮੀਤ ਪਨਾਗ ਨਾਲ ਸਾਹਿਤਕ ਮਿਲਣੀ

Leave a Reply

Your email address will not be published. Required fields are marked *