ਚੰਡੀਗੜ੍ਹ 1 ਅਕਤੂਬਰ (ਖ਼ਬਰ ਖਾਸ ਬਿਊਰੋ )
ਅੱਜ ਇੱਥੇ ਸੈਕਟਰ 28-ਏ ਚੰਡੀਗੜ੍ਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਆਪਣਾ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਵਿੱਚ ਪੰਜਾਬ ਤੋਂ ਇਲਾਵਾ, ਜੰਮੂ, ਹਰਿਆਣਾ, ਹਿਮਾਚਲ ਅਤੇ ਦਿੱਲੀ ਦੇ ਡੈਲੀਗੇਂਟਾਂ ਵੱਲੋਂ ਭਾਗ ਲਿਆ ਗਿਆ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅੱਜ ਪੰਥ ਅਤੇ ਪੰਜਾਬ ਦੀ ਭਲਾਈ ਲਈ ਦੇਸ਼-ਵਿਦੇਸ਼ ਦੀਆਂ ਸਿੰਘ ਸਭਾਵਾਂ ਨੂੰ ਇਕ ਪਲੇਟ ਫਾਰਮ ’ਤੇ ਇਕੱਠੇ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜਿਵੇਂ 150 ਸਾਲ ਪਹਿਲਾਂ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਹੋਰਾਂ ਨੇ ਸਿੰਘ ਸਭਾ ਲਹਿਰ ਚਲਾਈ ਸੀ, ਉਸੇ ਤਰ੍ਹਾਂ ਦੀ ਲਹਿਰ ਚਲਾਉਣ ਦੀ ਹੁਣ ਜ਼ੂਰਰੀ ਲੋੜ ਹੈ।
ਅਮਰ ਸ਼ਹੀਦ ਭਾਈ ਦਿਆਲਾ ਜੀ ਦੀ ਅੰਸ਼ ਵੰਸ ਨਾਲ ਸਬੰਧਤ ਜੰਮੂ ਤੋਂ ਆਏ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਭਾਈਚਾਰਾ ਹਰ ਤਰ੍ਹਾਂ ਦੇ ਨਿਘਾਰ ਦਾ ਸ਼ਿਕਾਰ ਹੋ ਗਿਆ ਹੈ। ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਵਾਂ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਸਿੱਖ ਸਿਧਾਂਤਾ ’ਤੇ ਪਹਿਰਾ ਦੇਣ ਦੀ ਜ਼ਰੂਰੀ ਲੋੜ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਨੇ ਕਿਹਾ ਕਿ ਅੱਜ ਵੀ ਸਿੱਖ ਸਮਾਜ ਵਿੱਚ ਜਾਤ-ਪਾਤ ਤੇ ਆਰਥਕ ਨਾ ਬਰਾਬਰੀ ਦਾ ਵੱਡਾ ਪਾੜਾ ਹੈ, ਇਹਨਾਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਾਰੀਆਂ ਸਿੰਘ ਸਭਾਂਵਾ ਰਲ ਕੇ ਹੰਭਲਾ ਮਾਰਨ। ਉਹਨਾਂ ਸਿੰਘ ਸਭਾ ਲਹਿਰ ਦਾ ਇਤਿਹਾਸ ਦੱਸਿਆ। ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਜਦ ਸਾਰੀਆਂ ਸਿੱਖ ਸੰਸਥਾਵਾਂ ਸਰਕਾਰਾਂ ਦਾ ਅੰਗ ਬਣ ਗਈਆਂ ਹਨ ਤਾਂ ਲੋਕਾਂ ਦੀ ਆਸ ਸਿੰਘ ਸਭਾਵਾਂ ’ਤੇ ਹੀ ਬੋਲਦੀ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਿੰਘ ਸਭਾ ਲਹਿਰ ਦੇ ਸ਼ਤਾਬਦੀ ਦਿਹਾੜੇ ਤੇ ਇਕ ਵੈੱਬ ਸਾਈਟ ਤਿਆਰ ਕੀਤੀ ਜਾ ਰਹੀ ਹੈ। ਸਿੰਘ ਸਭਾ ਦੀ ਵੈੱਬਸਾਈਟ ਤਿਆਰ ਕਰਨਾ ਵਾਲੇ ਨਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦੀ ਸਰਗਰਮੀਆ ਵੈੱਬਸਾਈਟ ’ਤੇ ਦੇਖੀਆਂ ਜਾ ਸਕਦਿਆ ਹਨ।
ਭਾਈ ਤਖ਼ਤ ਸਿੰਘ ਸਕੂਲ ਬੁੱਢੇਵਾਲ ਦੀਆਂ ਵਿਦਿਆਰਥਣਾਂ ਨੇ ਕਵਿਸ਼ਰੀ ਪੇਸ਼ ਕੀਤੀ।
ਇਸ ਸਾਮਗਮ ਵਿੱਚ ਹਿਮਾਚਲ ਤੋਂ ਗਿਆਨੀ ਮਹਿੰਦਰ ਸਿੰਘ, ਹਰਿਆਣਾ ਤੋਂ ਗੁਰਬਖ਼ਸ਼ ਸਿੰਘ, ਜਰਨੈਲ ਸਿੰਘ, ਦਿੱਲੀ ਤੋਂ ਦਿਆ ਸਿੰਘ, ਜਗਜੀਤ ਸਿੰਘ ਰਤਨਗੜ, ਸਮਿੰਦਰ ਸਿੰਘ ਭੱਕੂ ਮਾਜਰਾ, ਕਰਨਲ ਜਗਤਾਰ ਸਿੰਘ ਮੁਲਤਾਨੀ, ਸ਼ੇਰ ਜਗਜੀਤ ਸਿੰਘ, ਰਾਜਵਿੰਦਰ ਸਿੰਘ ਰਾਹੀ, ਕਰਮਜੀਤ ਸਿੰਘ ਸੰਗਰੂਰ, ਡਾ. ਪਿਆਰਾ ਲਾਲ ਗਰਗ, ਕੁਲਦੀਪ ਸਿੰਘ ਸੇਖਾ ਬਰਨਾਲਾ, ਜਸਵਿੰਦਰ ਸਿੰਘ ਕਾਲੇਕੇ, ਭਾਈ ਜੈਤਾ ਜੀ ਫਾਉਂਡੇਸ਼ਨ ਤੋਂ ਭਾਈ ਹਰਪਾਲ ਸਿੰਘ, ਜਸਵਿੰਦਰ ਸਿੰਘ ਪਸਰੀਚਾ, ਪ੍ਰੀਤਮ ਸਿੰਘ ਰੁਪਾਲ, ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਧਾਲੀਵਾਲ, ਡਾ. ਗੁਰਚਰਨ ਸਿੰਘ, ਹਰਬੰਸ ਸਿੰਘ ਸੌਢੀ, ਮਹੁੰਮਦ ਇਰਫਾਨ, ਸਲੋਚਬੀਰ ਸਿੰਘ ਲੁਧਿਆਣਾ ਆਦਿ ਨੇ ਸ਼ਮਲੀਅਤ ਕੀਤੀ।