ਚੰਡੀਗੜ੍ਹ, 20 ਸਤੰਬਰ (ਖ਼ਬਰ ਖਾਸ ਬਿਊਰੋ)
ਪਾਕਿਸਤਾਨ ਅੰਦਰ ਸਥਿਤ ਗੁਰੂ ਨਾਨਕ ਦੇ ਜਨਮ ਅਸਥਾਨ, ਨਨਕਾਣਾ ਸਾਹਿਬ ਹਰ ਸਾਲ ਨਤਮਸਤਕ ਹੋਣ ਲਈ ਜਾਂਦੇ ਸਿੱਖ ਸ਼ਰਧਾਲੂਆਂ ਦੇ ਜਥੇ ਤੇ ਮੋਦੀ ਸਰਕਾਰ ਵੱਲੋਂ ਪਾਬੰਦੀ ਲਗਾਉਣਾ, ਘੱਟ ਗਿਣਤੀ ਦੀ ਧਰਮ-ਆਸਥਾ ਵਿੱਚ ਸਿੱਧੀ ਦਖ਼ਲ-ਅੰਦਾਜ਼ੀ ਹੈ।
ਪੰਜਾਬ ਦੀ ਵੰਡ ਤੋਂ ਤੁਰੰਤ ਬਾਅਦ, ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦਾ ਆਪਸੀ ਸਮਝੌਤਾ ਹੋਇਆ ਸੀ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਅੰਦਰ ਸਿੱਖ ਪਵਿੱਤਰ ਅਸਥਾਨਾਂ ਉੱਤੇ ਗੁਰੂਆਂ ਪੁਰਬ ਅਤੇ ਹੋਰ ਧਾਰਮਿਕ ਦਿਹਾੜਿਆਂ ਮੌਕੇ ਜਥਿਆਂ ਦੇ ਰੂਪ ਵਿੱਚ ਜਾਇਆ ਕਰਨਗੇ। ਪਿਛਲੇ ਸੱਤ ਦਹਾਕਿਆਂ ਤੋਂ ਜਥੇ ਬੇਰੋਕ-ਟੋਕ ਪਾਕਿਸਤਾਨ ਜਾਂਦੇ ਹਨ ਅਤੇ ਪਾਕਿਸਤਾਨੀ ਨਾਗਰਿਕਾਂ ਅਤੇ ਹੋਰ ਭਾਰਤੀ ਲੋਕਾਂ ਨੇ ਇਸ ਪ੍ਰਕਿਰਿਆ ਉੱਤੇ ਕਦੇ ਕੋਈ ਇਤਰਾਜ਼ ਨਹੀਂ ਉਠਾਇਆ। ਇੱਥੋਂ ਤੱਕ ਕਿ ਸਿੱਖਾਂ ਦੇ ਜਥੇ ਭਾਰਤ-ਪਾਕਿਸਤਾਨ ਦੀ ਆਪਸੀ ਜੰਗਾਂ-ਯੁੱਧਾਂ ਵਾਲੇ ਸਾਲਾਂ ਵਿੱਚ ਪਾਕਿਸਤਾਨ ਜਾਂਦੇ ਰਹੇ ਸਨ। ਜਦੋਂ ਭਾਰਤੀ ਫੋਜ ਜੂਨ 1984 ਵਿੱਚ ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਹਮਲਾ ਕੀਤਾ ਸੀ ਅਤੇ ਪੰਜਾਬ ਦਾ ਪਾਕਿਸਤਾਨ ਨਾਲ ਲਗਦਾ ਬਾਰਡਰ ‘ਸੀਲ’ ਕੀਤਾ ਹੋਇਆ ਸੀ, ਭਾਰਤੀ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਜਥੇ ਉੱਤੇ ਕੋਈ ਰੋਕ ਨਹੀਂ ਲਾਈ ਸੀ।
ਜੇ ਭਾਰਤੀ ਸਰਕਾਰ, ਅਮਰਨਾਥ ਗੁਫਾ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਨੂੰ ਗੜਬੜ ਦੇ ਦਿਨਾਂ ਵਿੱਚ ਵੀ ਖੁਦ ਸਕਿਊਰਿਟੀ ਦੇ ਕੇ ਯਾਤਰਾ ਦਾ ਬੰਦੋਬਸਤ ਕਰਦੀ ਹੈ, ਤਾਂ ਸਿੱਖ ਸ਼ਰਧਾਲੂਆਂ ਦੇ ਜਥੇ ਉੱਤੇ ਕਿਉਂ ਪਾਬੰਦੀ ਲਾਈ ਹੈ? ਇਸ ਜਥੇ ਨੂੰ ਪਾਕਿਸਤਾਨ ਅੰਦਰ ਕੋਈ ਖ਼ਤਰਾ ਨਹੀਂ ਅਤੇ ਨਾ ਹੀ ਕਿਸੇ ਸਕਿਊਰਿਟੀ ਦੀ ਜ਼ਰੂਰਤ ਹੈ।
ਅਸਲ ਵਿੱਚ, ਨਾਨਕ ਨਾਮ-ਲੇਵਾ ਨੂੰ ਸ਼ਰਧਾਲੂਆਂ ਪਾਕਿਸਤਾਨ ਜਾਣ ਤੋਂ ਰੋਕਣ ਪਿੱਛੇ ਭਾਰਤੀ ਹਾਕਮ ਜਮਾਤ, ਭਾਜਪਾ ਦੀ ਹਿੰਦੂਤਵੀ ਸਿਆਸਤ ਹੈ, ਜਿਸ ਦੀ ਪੂਰਤੀ ਲਈ ਸਟੇਟ ਨੂੰ ਪਿਛਲੇ ਸੱਤਰ ਸਾਲਾਂ ਤੋਂ ਦੁਸ਼ਮਣ ਉਭਾਰ ਕੇ ਰੱਖਿਆ ਹੋਇਆ ਹੈ ਅਤੇ ਪੰਜਾਬ ਦੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਨਾਲ ਵਪਾਰ ਬੰਦ ਕੀਤਾ ਹੋਇਆ ਹੈ। ਦੂਸਰੇ ਪਾਸੇ, ਇਸਲਾਮਾਬਾਦ ਨੂੰ ਵੀ ਅਜਿਹੀ ਭਾਰਤ ਵਿਰੋਧੀ ਦੁਸ਼ਮਣੀ ਬਣਾ ਕੇ ਰੱਖਣਾ, ਉਸ ਦੇਸ਼ ਦੀ ਅੰਦਰੂਨੀ ਸਿਆਸਤ ਲਈ ਬਹੁਤ ਲਾਹੇਬੰਦ ਹੈ।
ਭਾਰਤ ਦੀ ਵੱਡੀ ਰਾਜਨੀਤੀ ਅਤੇ ਡਿਪਲੋਮੇਸੀ ਲਈ ਘੱਟ ਗਿਣਤੀ ਦੇ ਧਰਮ ਦੀ ਬਲੀ ਦਿੱਤੀ ਜਾ ਰਹੀ ਹੈ। ਹੈਰਾਨੀ ਹੈ ਕਿ ਪਹਿਲਗਾਮ ਘਟਨਾ ਤੋਂ ਉਪਜੇ ਭਾਰਤੀ-ਪਾਕਿਸਤਾਨ ਦੇ ਆਪਸੀ ਫੌਜੀ ਤਣਾਓ ਤੋਂ ਬਾਅਦ ਦੋਨੋਂ ਮੁਲਕਾਂ ਦੀਆਂ ਕ੍ਰਿਕਟ ਟੀਮਾਂ ਦੁਬਈ ਵਿੱਚ ਮੈਚ ਖੇਲ੍ਹ ਸਕਦੀਆਂ ਹਨ, ਪਰ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾ ਨਹੀਂ ਸਕਦਾ? ਇਹ ਕੇਂਦਰ ਦਾ ਘੱਟ ਗਿਣਤੀ ਨਾਲ ਧੱਕਾ ਸਰਾਸਰ ਹੈ। ਇਸ ਕਰਕੇ, ਪੰਜਾਬੀ ਦੇਸ਼ ਵਿੱਚ ਹੋਰ ਵੀ ਬੇਗਾਨਗੀ ਮਹਿਸੂਸ ਕਰਨਗੇ।
ਇਸ ਤੋਂ ਇਲਾਵਾ ਮੌਜੂਦਾ ਦੋਨਾਂ ਦੇਸ਼ਾਂ ਦੇ ਫੌਜੀ ਤਣਾਓ ਮਗਰੋਂ ਪਾਕਿਸਤਾਨ ਅੰਦਰ ਬਾਰਡਰ ਉੱਤੇ ਬਣੇ ਕਰਤਾਰ ਪੁਰ ਸਾਹਿਬ ਲਾਂਘੇ ਨੂੰ ਵੀ ਭਾਰਤ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਜਿਹੜਾ ਨਾਨਕ ਨਾਮ-ਲੇਵਾ ਭਾਰਤੀਆਂ ਲਈ ਇਕ ਹੋਰ ਵੱਡਾ ਧੱਕਾ ਹੈ।
ਇਸ ਕਰਕੇ, ਅਸੀਂ ਮੋਦੀ ਸਰਕਾਰ ਤੋਂ ਮੰਗ ਕਰਦੇ ਹਾਂ, ਕਿ ਨਾਨਕਾਣਾ ਸਾਹਿਬ ਲਈ ਜਥੇ ਚਾਲੂ ਕੀਤੇ ਜਾਣ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਬਹਾਲ ਕੀਤਾ ਜਾਵੇ।
ਇਸ ਸਾਂਝੇ ਬਿਆਨ ਵਿੱਚ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ), ਪੱਤਰਕਾਰ ਜਸਪਾਲ ਸਿੰਘ, ਜਸਟਿਸ ਰਣਜੀਤ ਸਿੰਘ, ਗੁਰਤੇਜ ਸਿੰਘ (ਆਈ.ਏ.ਐਸ), ਤਾਜ ਮਹੁੰਮਦ, ਸ਼ਮਸ਼ੇਰ ਕਾਰੀ, ਡਾ. ਪਿਆਰਾ ਲਾਲ ਗਰਗ, ਰਾਜਿੰਦਰ ਸਿੰਘ (ਖਾਲਸਾ ਪੰਚਾਇਤ), ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਪੱਤਰਕਾਰ ਹਮੀਰ ਸਿੰਘ, ਪੱਤਰਕਾਰ ਦੀਪਕ ਸ਼ਰਮਾ ਚਰਨਾਥਲ, ਮਾਲਵਿੰਦਰ ਸਿੰਘ ਮਾਲੀ ਅਤੇ ਕੈਪ ਗੁਰਦੀਪ ਸਿੰਘ ਘੁੰਮਣ ਆਦਿ ਸ਼ਾਮਿਲ ਹੋਏ।